ਫ਼ਤਹਿਗੜ੍ਹ ਸਾਹਿਬ, 22 ਅਗਸਤ 2024 : ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਲੱਖਾ ਨੇ ਪਿੰਡ ਗੜੋਲੀਆਂ ਵਿਖੇ ਸਥਿਤ ਕੈਟਲ ਪੌਂਡ ਬਾਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕੀਤੀ। ਉਨ੍ਹਾਂ ਬੀਤੀ 14 ਅਗਸਤ ਨੂੰ ਕੈਟਲ ਪੌਂਡ ਗੜੋਲੀਆਂ ਦੇ ਕੀਤੇ ਗਏ ਦੌਰੇ ਦੌਰਾਨ ਕੈਟਲ ਪੌਂਡ ਵਿੱਚ ਪਾਈਆਂ ਗਈਆਂ ਕਮੀਆਂ ਸਬੰਧੀ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੂੰ ਦੱਸਿਆ। ਉਨ੍ਹਾਂ ਕੈਟਲ ਪੌਂਡ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਕਰਨ, ਕੈਟਲ ਪੌਂਡ ਵਿੱਚ ਰੁੱਖ ਲਗਵਾਉਣ, ਕੈਟਲ ਪੌਂਡ ਦਾ ਨਿਰੰਤਰ ਰਿਕਾਰਡ ਰੱਖਣ, ਗਊਧਨ ਦੇ ਰੱਖ-ਰਖਾਵ ਅਤੇ ਨਸਲ ਬਦਲੀ ਸਮੇਤ ਹੋਰ ਕਈ ਵਿਸ਼ਿਆਂ ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਗਊਧਨ ਦੀ ਸੇਵਾ ਕਰਨਾ ਇੱਕ ਉਤਮ ਕਾਰਜ ਹੈ ਅਤੇ ਸਾਨੂੰ ਗਊਧਨ ਦੇ ਸੁਚੱਜੇ ਰੱਖ-ਰਖਾਵ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਗੜੋਲੀਆਂ ਸਥਿਤ ਕੈਟਲ ਪੌਂਡ ਵਿੱਚ ਗਊਧਨ ਦੇ ਰੱਖ-ਰਖਾਵ ਤੇ ਹੋਰ ਲੋੜੀਂਦੀਆਂ ਜਰੂਰਤਾਂ ਦੀ ਪੂਰਤੀ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ ਅਤੇ ਗਊਧਨ ਦੀ ਸੇਵਾ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਪਿੰਡ ਗੜੋਲੀਆਂ ਸਥਿਤ ਕੈਟਲ ਪੌਂਡ ਦੀ ਵਿਵਸਥਾ ਨੂੰ ਹੋਰ ਵਧੇਰੇ ਸੁਚਾਰੂ ਬਣਾਇਆ ਜਾਵੇਗਾ।