
- ਰਾਏਕੋਟ ਵਿੱਚ 26 ਜਨਵਰੀ ਨੂੰ ਕੱਢਿਆ ਜਾਵੇਗਾ ਟਰੈਕਟਰ ਮਾਰਚ
ਰਾਏਕੋਟ, 23 ਜਨਵਰੀ (ਰਘਵੀਰ ਸਿੰਘ ਜੱਗਾ) : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 26 ਜਨਵਰੀ ਨੂੰ ਕੀਤੇ ਜਾ ਰਹੇ ਟਰੈਕਟਰ ਮਾਰਚ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਬਲਾਕ ਪ੍ਰਧਾਨ ਸਰਬਜੀਤ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਮੀਟਿੰਗ ਵਿੱਚ ਜਿ੍ਹਲਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ ਅਤੇ ਜਿਲ੍ਹਾ ਮੀਤ ਪ੍ਰਧਾਨ ਅਮਨਦੀਪ ਸ਼ਰਮਾਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੋਗੀ ਭੁੱਲਰ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸਨ। ਕਿਸਾਨ ਸੰਯੁਕਤ ਮੋਰਚੇ ਦੀ ਅਗਵਾਈ ਵਿੱਚ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰਕੇ ਕੇਂਦਰ ਦੀ ਮੋਦੀ ਹਕੂਮਤ ਨੂੰ ਰੱਦ ਕਰਨ ਲਈ ਮਜ਼ਬੂਰ ਕੀਤਾ ਸੀ। ਲੋਕਾਂ ਦੇ ਦਬਾਅ ਸਦਕਾ ਭਾਵੇਂ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਮਜ਼ਬੂਰ ਹੋਈ, ਪਰ ਉਨ੍ਹਾਂ ਦੀ ਨੀਤੀ ਤੇ ਨੀਤ ਵਿੱਚ ਕੋਈ ਫ਼ਰਕ ਨਹੀਂ ਪਿਆ। ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਤੇ ਚਲਦਿਆਂ ਵਿਸ਼ਵ ਵਪਾਰ ਸੰਸਥਾ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਨੂੰ ਲਾਗੂ ਕਰ ਰਹੇ ਹਨ। ਹੁਣ ਫ਼ੇਰ ਕੇਂਦਰ ਸਰਕਾਰ ਵੱਲੋਂ ਨਵਾਂ 'ਕੌਮੀ ਖੇਤੀ ਮੰਡੀਕਰਨ ਖੇਤੀ ਖਰੜਾ' ਵੱਖ ਵੱਖ ਸਰਕਾਰਾਂ ਨੂੰ ਭੇਜ ਕੇ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨਾਲ ਸਰਕਾਰੀ ਮੰਡੀਆਂ ਨੂੰ ਖ਼ਤਮ ਕਰਕੇ ਪਾ੍ਈਵੇਟ, ਪਬਲਿਕ ਪ੍ਰਾਈਵੇਟ ਪਾਰਟਨਰ ਸ਼ਿਪ ਰਾਹੀਂ ਪ੍ਰਾਈਵੇਟ ਮੰਡੀਆਂ ਲਿਆਂਦੀਆਂ ਜਾਣਗੀਆਂ। ਜਿਸ ਨਾਲ ਹਰ ਇੱਕ ਮਿਹਨਤਕਸ਼ ਤਬਕੇ ਤੇ ਮਾਰੂ ਅਸਰ ਪੈਣਗੇ ਜਿਵੇਂ ਕਿ ਸਰਕਾਰੀ ਮੰਡੀਆਂ ਖ਼ਤਮ ਕਰਨ ਨਾਲ ਮੰਡੀਆਂ ਵਿੱਚ ਜਿੰਨੀ ਵੀ ਲੇਬਰ ਉਹ ਭਾਵੇਂ ਫ਼ਸਲ ਦੀ ਟਰਾਲੀ ਲਾਹੁਣ ਤੋਂ ਲੈਕੇ ਗੁਦਾਮਾਂ ਤੋਂ ਅੱਗੇ ਜਨਤਕ ਵੰਡ ਪ੍ਰਣਾਲੀ ਰਾਹੀਂ ਘਰ-ਘਰ ਵਿੱਚ ਪਹੁੰਚਾਉਣ ਤੱਕ ਸਾਰੀ ਦੀ ਸਾਰੀ ਲੇਬਰ ਦਾ ਖ਼ਾਤਮਾ ਹੋਵੇਗਾ, ਟਰੱਕਾਂ ਵਾਲੇ ਜਿਹੜੇ ਸੀਜ਼ਨ ਲਾਕੇ ਆਪਣੇ ਪ੍ਰੀਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ, ਛੋਟੇ ਦੁਕਾਨਦਾਰਾਂ ਉਨ੍ਹਾਂ ਦੇ ਰੋਜ਼ਗਾਰ ਦਾ ਵੀ ਉਜਾੜਾ ਹੋਵੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 26 ਜਨਵਰੀ ਨੂੰ ਬਲਾਕ ਰਾਏਕੋਟ ਵਿੱਚ ਵਿਸ਼ਾਲ ਟਰੈਕਟਰ ਮਾਰਚ ਕੀਤਾ ਜਾਵੇਗਾ। ਜਿਸ ਵਿੱਚ ਵੱਡੀ ਗਿਣਤੀ ‘ਚ ਆਪਣੇ ਟਰੈਕਟਰ ਲੈ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਮਾਸਟਰ ਤਾਰਾ ਸਿੰਘ ਅੱਚਰਵਾਲ, ਗੁਰਸੇਵਕ ਸਿੰਘ, ਜੱਗਾ ਸਿੰਘ ਗਿੱਲ, ਲੱਖਾ ਧਾਲੀਵਾਲ ਭੈਣੀ ਦਰੇੜਾ, ਅਨਿਲ ਕੁਮਾਰ , ਬਲਵਿੰਦਰ ਸਿੰਘ ਜੱਟਪੁਰਾ, ਦਲਜੀਤ ਸਿੰਘ ਨੰਬਰਦਾਰ,ਤੇਜਿੰਦਰ ਸਿੰਘ ਰਾਜੋਆਣਾ, ਸੋਨੂੰ ਸਰਾਭਾ, ਭਗਵੰਤ ਸਿੰਘ ਨੰਬਰਦਾਰ, ਕਮਲ ਬੱਸੀਆ, ਹਰਪ੍ਰੀਤ ਸਿੰਘ ਗਰੇਵਾਲ, ਕਾਲਾ ਰਾਏਕੋਟ, ਕਾਲਾ ਗੌਦਵਾਲ, ਪਰਮਵੀਰ ਸਿੰਘ ਭੱਟੀ, ਹਰਜਿੰਦਰ ਸਿੰਘ ਬੱਸੀਆ, ਜਸਵਿੰਦਰ ਸਿੰਘ ਬਿੱਟੂ ਆਦਿ ਹਾਜਿਰ ਸਨ।