ਨਹਿਰੀ ਜਲ ਸਪਲਾਈ ਪ੍ਰੋਜੈਕਟ: ਪ੍ਰਗਤੀ ਦਾ ਜਾਇਜ਼ਾ ਲੈਣ ਲਈ ਪੀ.ਐਮ.ਸੀ ਦੀ ਪਹਿਲੀ ਮੀਟਿੰਗ ਹੋਈ; ਕੰਮਾਂ ਨੂੰ ਤੇਜ਼ ਕਰਨ ਲਈ ਨਿਰਦੇਸ਼ ਕੀਤੇ ਜਾਰੀ

ਲੁਧਿਆਣਾ, 13 ਦਸੰਬਰ 2024 : ਵਰਲਡ ਬੈਂਕ ਦੁਆਰਾ ਫੰਡ ਪ੍ਰਾਪਤ ਨਹਿਰੀ ਜਲ ਸਪਲਾਈ ਪ੍ਰੋਜੈਕਟ ਅਧੀਨ ਪ੍ਰੋਜੈਕਟ ਮੋਨਿਟਰਿੰਗ ਕਮੇਟੀ (ਪੀ.ਐਮ.ਸੀ) ਦੀ ਪਹਿਲੀ ਮੀਟਿੰਗ ਸ਼ੁੱਕਰਵਾਰ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਹੋਈ। ਮੀਟਿੰਗ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੀ ਪ੍ਰਧਾਨਗੀ ਹੇਠ ਹੋਈ। ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ, ਮੁੱਖ ਇੰਜੀਨੀਅਰ ਰਵਿੰਦਰ ਗਰਗ, ਨਿਗਰਾਨ ਇੰਜੀਨੀਅਰ (ਪ੍ਰੋਜੈਕਟ) ਪਾਰੁਲ ਗੋਇਲ ਸਮੇਤ ਹੋਰ ਅਧਿਕਾਰੀ ਮੀਟਿੰਗ ਵਿੱਚ ਮੌਜੂਦ ਸਨ। ਮੀਟਿੰਗ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ), ਜੰਗਲਾਤ ਵਿਭਾਗ, ਲੁਧਿਆਣਾ ਅਰਬਨ ਵਾਟਰ ਐਂਡ ਵੇਸਟਵਾਟਰ ਮੈਨੇਜਮੈਂਟ ਲਿਮਟਿਡ ਦੀ ਪ੍ਰੋਜੈਕਟ ਇੰਪਲੀਮੈਂਟੇਸ਼ਨ ਯੂਨਿਟ (ਪੀ.ਆਈ.ਯੂ), ਰੇਲਵੇ ਵਿਭਾਗ, ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ), ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਮੀਟਿੰਗ ਦੌਰਾਨ, ਹੁਣ ਤੱਕ ਪ੍ਰੋਜੈਕਟ ਅਧੀਨ ਹੋਈ ਪ੍ਰਗਤੀ ਬਾਰੇ ਇੱਕ ਪੇਸ਼ਕਾਰੀ ਦਿਖਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਬਿਲਗਾ ਪਿੰਡ (ਨੇੜੇ ਸਾਹਨੇਵਾਲ) ਵਿਖੇ 580 ਐਮ.ਐਲ.ਡੀ ਵਾਟਰ ਟ੍ਰੀਟਮੈਂਟ ਪਲਾਂਟ (ਡਬਲਯੂ.ਟੀ.ਪੀ) ਸਥਾਪਤ ਕੀਤਾ ਜਾਣਾ ਹੈ। ਇਸ ਲਈ ਫੀਲਡ ਸਰਵੇਖਣ ਅਤੇ ਡਿਜ਼ਾਈਨਿੰਗ ਦੇ ਕੰਮ ਚੱਲ ਰਹੇ ਹਨ। ਡੀ.ਸੀ ਜੋਰਵਾਲ ਅਤੇ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਵੱਖ-ਵੱਖ ਵਿਭਾਗ ਤਾਲਮੇਲ ਨਾਲ ਕੰਮ ਕਰ ਰਹੇ ਹਨ। ਮੀਟਿੰਗ ਦਾ ਉਦੇਸ਼ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਬਿਹਤਰ ਬਣਾਉਣਾ ਵੀ ਸੀ ਤਾਂ ਜੋ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਜਿੱਥੇ ਵੀ ਲੋੜ ਹੋਵੇ, ਵੱਖ-ਵੱਖ ਵਿਭਾਗਾਂ ਦੁਆਰਾ ਸਾਂਝੇ ਸਰਵੇਖਣ ਕੀਤੇ ਜਾਣ। ਫੀਲਡ ਸਰਵੇਖਣ ਅਤੇ ਡਿਜ਼ਾਈਨਿੰਗ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ, ਤਾਂ ਜੋ ਵਾਟਰ ਟ੍ਰੀਟਮੈਂਟ ਪਲਾਂਟ (ਡਬਲਯੂ.ਟੀ.ਪੀ) ਸਥਾਪਤ ਕਰਨ ਲਈ ਸਿਵਲ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾ ਸਕੇ।