- ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਮੈੇਂਬਰ ਪ੍ਰੀਤੀ ਭਾਰਦਵਾਜ਼ ਲਾਲ ਤੇ ਚੇਅਰਪਰਸਨ ਕੰਵਰਦੀਪ ਸਿੰਘ ਕਰਨਗੇ ਵਿਸ਼ੇਸ਼ ਸ਼ਿਰਕਤ
- ਆਯੋਗ ਨੇ ਲਿਆ ਵੀ.ਸੀ. ਰਾਹੀਂ ਪ੍ਰਬੰਧਾਂ ਦਾ ਜਾਇਜ਼ਾ
ਮੋਗਾ, 26 ਜੁਲਾਈ 2024 : ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ, ਭਾਰਤ ਸਰਕਾਰ ਦੇ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਐਕਟ, 2007 ਦੁਆਰਾ ਸਥਾਪਿਤ ਕੀਤੀ ਗਈ ਹੈ। ਇਸ ਕਮਿਸ਼ਨ ਦਾ ਮੁੱਖ ਉਦੇਸ਼ ਬੱਚਿਆਂ ਦੇ ਅਧਿਕਾਰ ਜੋ ਕਿ ਭਾਰਤ ਦੇ ਸੰਵਿਧਾਨ ਵਿੱਚ ਤੇ ਕਾਨੂੰਨ/ਐਕਟ ਵਿੱਚ ਨਿਰਧਾਰਿਤ ਹਨ, ਦੀ ਰੱਖਿਆ ਕਰਨਾ ਹੈ।ਇਹ ਕਮਿਸ਼ਨ ਮੋਗਾ ਜ਼ਿਲ੍ਹੇ ਵਿੱਚ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਦਾ ਨਿਵਾਰਣ ਕਰਨ ਆ ਰਹੀ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੋਗਾ ਸ੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਕਮਿਸ਼ਨ ਵੱਲੋਂ 31 ਜੁਲਾਈ, 2024 ਨੂੰ ਨਿਹਾਲ ਸਿੰਘ ਵਾਲਾ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ 0-18 ਸਾਲ ਦੇ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਪ੍ਰੀਤੀ ਭਾਰਦਵਾਜ਼ ਦਲਾਲ ਮੈਂਬਰ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਆਯੋਗ ਅਤੇ ਕੰਵਰਦੀਪ ਸਿੰਘ ਚੇਅਰਪਰਸਨ ਐਸ.ਸੀ.ਪੀ.ਸੀ.ਆਰ. ਇਸ ਕੈਂਪ ਵਿੱਚ ਮੁੱਖ ਤੌਰ ਤੇ ਸ਼ਾਮਿਲ ਹੋ ਕੇ ਸ਼ਿਕਾਇਤਾਂ ਦਾ ਨਿਪਟਾਰਾ ਕਰਨਗੇ। ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੀ ਅਗਵਾਈ ਵਿੱਚ ਇਸ ਕੈਂਪ ਵਿੱਚ ਬਾਲ ਮਜ਼ਦੂਰੀ, ਬਾਲ ਭੀਖਸ਼ਾ, ਸਰੀਰਿਕ ਸੋਸ਼ਣ, ਅਨਾਥ ਬੱਚੇ, ਐਚ.ਆਈ.ਵੀ. ਨਾਲ ਪੀੜਿਤ ਬੱਚੇ, ਅਪਹਰਣ/ਅਗਵਾ ਕੀਤੇ ਬੱਚੇ, ਨਸ਼ਾ ਵੇਚਣ ਵਾਲੇ ਬੱਚੇ, ਮੀਡੀਆ ਵੱਲੋਂ ਬੱਚਿਆਂ ਦੇ ਅਧਿਕਾਰਾਂ ਦਾ ਸੋਸ਼ਣ ਕਰਨਾ, ਬਾਲ ਵਿਆਹ, ਸਕੂਲਾਂ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਬੱਚਿਆਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਅਤੇ ਦਿਵਿਆਂਗਜਨ ਬੱਚਿਆਂ ਨੂੰ ਆ ਰਹੀਆਂ ਦਿੱਕਤਾਂ ਸਬੰਧੀ ਸ਼ਿਕਾਇਤਾਂ ਸੁਣੀਆ ਜਾਣਗੀਆਂ।ਜਿਸ ਕਿਸੇ ਨੂੰ ਇਸ ਸਬੰਧੀ ਕੋਈ ਵੀ ਮੁਸ਼ਕਲ/ਦਿੱਕਤ ਹੋਵੇ ਤਾਂ ਕੈਂਪ ਵਾਲੇ ਦਿਨ ਸਾਰੇ ਤੱਥਾਂ ਸਮੇਤ ਬੱਚਾ ਆਪ ਜਾਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਭੇਜ ਕੇ ਕਮਿਸ਼ਨ ਸਾਹਮਣੇ ਪੇਸ਼ ਹੋ ਕਿ ਆਪਣੀ ਸ਼ਿਕਾਇਤ ਦੱਸ ਸਕਦਾ ਹੈ, ਜਿਸ ਦਾ ਨਿਪਟਾਰਾ ਕਮਿਸ਼ਨ ਦੀ ਟੀਮ ਵੱਲੋਂ ਕੀਤਾ ਜਾਵੇਗਾ। ਸਬੰਧਤ ਵਿਭਾਗਾਂ ਦੀ ਹਾਜ਼ਰੀ ਵਿੱਚ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਨੁਮਾਇੰਦਿਆਂ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ, ਇਸ ਕਾਨਫਰੰਸ ਦੀ ਪ੍ਰਧਾਨਗੀ ਐਸ.ਡੀ.ਐਮ. ਮੋਗਾ ਸਾਰੰਗਪ੍ਰੀਤ ਸਿੰਘ ਔਜਲਾ ਵੱਲੋਂ ਕੀਤੀ ਗਈ। ਪਰਮਜੀਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਾਕਾਰੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਮੋਗਾ ਨਾਲ 84276-70346, 01636-234447 ਸਪੰਰਕ ਕੀਤਾ ਜਾ ਸਕਦਾ ਹੈ।