
- ਉਦਘਾਟਨ ਸਮਾਰੋਹ ਮੌਕੇ ਚੇਅਰਮੈਨ ਜਵਾਹਰ ਓਸਵਾਲ, ਕਮਲ ਓਸਵਾਲ, ਦਿਨੇਸ਼ ਓਸਵਾਲ, ਸਿਕੰਦਰ ਲਾਲ ਜੈਨ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਰਹੀਆਂ
ਲੁਧਿਆਣਾ, 8 ਦਸੰਬਰ 2024 : ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ, ਪ੍ਰਾਹੁਣਚਾਰੀ, ਉਦਯੋਗ ਤੇ ਕਾਮਰਸ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਸੰਸਦ ਮੈਂਬਰ ਸ੍ਰੀ ਸੰਜੀਵ ਅਰੋੜਾ ਨੇ ਐਤਵਾਰ ਨੂੰ ਬਰਮਾਲੀਪੁਰ, ਪਾਇਲ, (ਲੁਧਿਆਣਾ) ਵਿਖੇ ਵਿੱਦਿਆ ਸਾਗਰ ਮੋਹਨਦਾਈ ਓਸਵਾਲ ਧਰਮਸ਼ਾਲਾ ਦਾ ਉਦਘਾਟਨ ਸ਼ਮਾਂ ਰੌਸ਼ਨ ਕਰਕੇ ਕੀਤਾ ਅਤੇ ਇਸ ਉਦਘਾਟਨੀ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਉਹਨਾਂ ਨਾਲ ਆਤਮ ਵਲੱਭ ਜੈਨ ਟਰੱਸਟ ਦੇ ਚੇਅਰਮੈਨ ਸ੍ਰੀ ਜਵਾਹਰ ਓਸਵਾਲ, ਸ੍ਰੀ ਕਮਲ ਓਸਵਾਲ, ਸ੍ਰੀ ਦਿਨੇਸ਼ ਓਸਵਾਲ, ਸ੍ਰੀ ਸਿਕੰਦਰ ਲਾਲ ਜੈਨ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ। ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਤਮ ਵਲੱਭ ਜੈਨ ਟਰੱਸਟ ਵੱਲੋਂ ਜੈਨ ਧਰਮ ਨਾਲ ਸਬੰਧਤ ਤੀਰਥ ਯਾਤਰੀਆਂ ਅਤੇ ਸਾਧੂਆਂ ਲਈ ਵਿੱਦਿਆ ਸਾਗਰ ਮੋਹਨਦਾਈ ਓਸਵਾਲ ਧਰਮਸ਼ਾਲਾ ਵਿੱਚ ਬਣਾਏ ਗਏ ਸ਼ਾਨਦਾਰ 53 ਕਮਰਿਆਂ, ਹਾਲ, ਭੌਜਨ ਹਾਲ ਅਤੇ ਪ੍ਰਵਚਨ ਹਾਊਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਇੱਥੇ ਪਹੁੰਚਣ ਦਾ ਮੌਕਾ ਸੰਸਦ ਮੈਂਬਰ ਸ੍ਰੀ ਸੰਜੀਵ ਅਰੋੜਾ ਦੀ ਬਦੌਲਤ ਮਿਲਿਆ ਹੈ। ਉਹਨਾਂ ਸ੍ਰੀ ਮਨੀ ਲਕਸ਼ਮੀ ਧਾਮ ਬਾਰੇ ਬੋਲਦਿਆਂ ਕਿਹਾ ਕਿ ਧਾਮ ਦੀ ਉਸਾਰੀ ਅਤੇ ਕਲਾ ਲਈ ਆਤਮ ਵੱਲਬ ਜੈਨ ਟਰੱਸਟ ਪ੍ਰਸੰਸਾਯੋਗ ਹੈ। ਉਹਨਾਂ ਕਿਹਾ ਕਿ ਸਾਡੇ ਏਰੀਏ ਵਿੱਚ ਇਸ ਤਰ੍ਹਾਂ ਦਾ ਅਸਥਾਨ ਸਥਾਪਤ ਕੀਤਾ ਹੈ ਜਿਸ ਨੂੰ ਲੋਕ ਪੀੜ੍ਹੀਆਂ ਤੱਕ ਯਾਦ ਰੱਖਣਗੇ। ਉਹਨਾਂ ਕਿਹਾ ਕਿ ਜਿਹੜੀ ਤੁਸੀਂ ਸਮਾਜ ਨੂੰ ਦੇਣ ਦਿੱਤੀ ਹੈ ਇਹ ਆਪਣੇ ਆਪ ਵਿੱਚ ਇੱਕ ਵੱਡੀ ਅਤੇ ਬਹੁਤ ਮਹਾਨ ਦੇਣ ਹੈ। ਜਿਸ ਦੀ ਸ਼ਬਦਾਂ ਵਿਚ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀਂ ਥੋੜ੍ਹੀ ਹੈ। ਸੰਸਦ ਮੈਂਬਰ ਸ੍ਰੀ ਸੰਜੀਵ ਅਰੋੜਾ ਨੇ ਜੈਨ ਧਰਮ ਦੀਆਂ ਸਿੱਖਿਆਵਾਂ ਵਿੱਚ ਆਪਣਾ ਡੂੰਘਾ ਵਿਸ਼ਵਾਸ ਪ੍ਰਗਟ ਕੀਤਾ ਕਿਉਂਕਿ ਇਹ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦੀਆਂ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ। ਸੰੰਸਦ ਮੈਂਬਰ ਨੇ ਅੱਗੇ ਕਿਹਾ ਕਿ ਜੈਨ ਧਰਮ ਅਧਿਆਤਮਿਕ ਗਿਆਨ ਨਾਲ ਭਰਪੂਰ ਹੈ ਅਤੇ ਜੈਨ ਭਾਈਚਾਰੇ ਵਲੋਂ ਦੇਸ਼ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਸਾਡੇ ਸੰਤਾਂ ਅਤੇ ਗੁਰੂਆਂ ਨੇ ਅਧਿਆਤਮਿਕਤਾ, ਭਾਈਚਾਰਕ ਸਾਂਝ ਅਤੇ ਭਾਈਚਾਰਕ ਸਾਂਝ ਦੀਆਂ ਸਿੱਖਿਆਵਾਂ ਨੂੰ ਕਾਇਮ ਰੱਖਦਿਆਂ ਇਸ ਸਭ ਤੋਂ ਪੁਰਾਣੀ ਸਭਿਅਤਾ ਦੀ ਕਿਸਮਤ ਨੂੰ ਘੜਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ।