- ਕਿਸਾਨ ਪਰਾਲੀ ਸਾੜਨ ਦੀ ਬਜਾਇ ਇਸ ਨੂੰ ਜਮੀਨ ‘ਚ ਹੀ ਮਿਲਾਉਣ ਜਾਂ ਸਰਕਾਰ ਵੱਲੋਂ ਪ੍ਰਦਾਨ ਮਸ਼ੀਨਾਂ ਨਾਲ ਸੰਭਾਲਣ-ਜੌੜਾਮਾਜਰਾ
ਸਮਾਣਾ, 20 ਸਤੰਬਰ 2024 : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਵਿਖੇ ਅੱਜ ਸਵਰਗ ਆਸ਼ਰਮ ਸਤੀ ਮੰਦਿਰ ਦੇ ਵਾਤਾਵਰਣ ਪਾਰਕ ਵਿਖੇ 5 ਲੱਖ ਰੁਪਏ ਦੀ ਲਾਗਤ ਨਾਲ ਲੋਕਾਂ ਦੇ ਸੈਰ ਕਰਨ ਲਈ ਤਿਆਰ ਕਰਵਾਏ ਫੁਟਪਾਥ ਅਤੇ ਓਪਨ ਜਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਸਮਾਜ ਸੇਵੀ ਸਵਰਗੀ ਹੈਡਮਾਸਟਰ ਸਾਧੂ ਰਾਮ ਦੀ ਬਰਸੀ ਮੌਕੇ ਸ਼ਰਧਾਂਜਲੀ ਅਰਪਿਤ ਕੀਤੀ ਤੇ ਕਿਹਾ ਕਿ ਸਾਧੂ ਰਾਮ ਦਾ ਸਮਾਣਾ ਦੀ ਭਲਾਈ ਲਈ ਪਾਇਆ ਯੋਗਦਾਨ ਸਦਾ ਯਾਦ ਰੱਖਿਆ ਜਾਵੇਗਾ। ਸੂਚਨਾ ਤੇ ਲੋਕ ਸੰਪਰਕ, ਖਨਣ ਤੇ ਭੂ-ਵਿਗਿਆਨ, ਜਲ ਸਰੋਤ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਹਰੇਕ ਨਾਗਰਿਕ ਰੁੱਖ ਲਗਾਏ। ਉਨ੍ਹਾਂ ਕਿਹਾ ਕਿ ਸਵਰਗ ਆਸ਼ਰਮ ਸਤੀ ਮੰਦਿਰ ਦੇ ਵਾਤਾਵਰਣ ਪਾਰਕ ਵਿਖੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਫੁਟਪਾਥ ਬਣਵਾਉਣ ਦੇ ਨਾਲ ਜਿੰਮ ਵੀ ਖੋਲਿਆ ਗਿਆ ਹੈ, ਜਿਸ ਤੋਂ ਸ਼ਹਿਰ ਵਾਸੀ ਲਾਭ ਲੈਣਗੇ। ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਮੌਕੇ ਪਰਾਲੀ ਸਾੜਨ ਦੇ ਸਵਾਲ ਦੇ ਜਵਾਬ ‘ਚ ਮੰਤਰੀ ਚੇਤਨ ਸਿੰਘ ਜੌੜਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਆਪਣੀ ਝੋਨੇ ਦੀ ਪਰਾਲੀ ਸੰਭਾਲਣ ਲਈ ਸਬਸਿਡੀ ‘ਤੇ ਮਸ਼ੀਨਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਇਸ ਲਈ ਕੋਈ ਕਿਸਾਨ ਇਸ ਵਾਰ ਪਰਾਲੀ ਨੂੰ ਅੱਗ ਨਾ ਲਾਵੇ। ਉਨ੍ਹਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਪਰਾਲੀ ਨੂੰ ਇਨ-ਸੀਟੂ ਤਕਨੀਕਾਂ ਨਾਲ ਖੇਤਾਂ ਵਿੱਚ ਹੀ ਮਿਲਾਇਆ ਜਾਵੇ ਜਾਂ ਜਿਸ ਪ੍ਰਕਾਰ ਸਰਕਾਰ ਨੇ ਰਾਜ ਵਿੱਚ ਪਰਾਲੀ ਤੋਂ ਪੈਲੇਟਸ ਆਦਿ ਬਣਾਉਣ ਲਈ ਲਾਏ ਉਦਯੋਗਾਂ ਦਾ ਲਾਭ ਲੈਣ ਤੇ ਪਰਾਲੀ ਐਕਸ-ਸੀਟੂ ਤਕਨੀਕਾਂ ਨਾਲ ਪਰਾਲੀ ਸੰਭਾਲਣ। ਇਸ ਮੌਕੇ ਗੁਰਦੇਵ ਸਿੰਘ ਟਿਵਾਣਾ, ਸਵਰਗ ਆਸ਼ਰਮ ਸਤੀ ਮੰਦਿਰ ਕਮੇਟੀ ਦੇ ਪ੍ਰਧਾਨ ਪਵਨ ਸ਼ਾਸਤਰੀ, ਸਰਪ੍ਰਸਤ ਕਪੂਰ ਚੰਦ ਬਾਂਸਲ, ਜਨਰਲ ਸਕੱਤਰ ਸੰਜੇ ਕੁਮਾਰ ਗੋਇਲ, ਸੁਰਜੀਤ ਸਿੰਘ ਫੌਜੀ, ਕਾਰਸਾਧਕ ਅਫ਼ਸਰ ਬਰਜਿੰਦਰ ਸਿੰਘ, ਤਰਸੇਮ ਗੋਇਲ, ਤੇਜ ਪ੍ਰਕਾਸ਼ ਸਿੰਗਲਾ, ਪ੍ਰਿੰਸੀਪਲ ਮੋਹਨ ਲਾਲ ਸ਼ਰਮਾ, ਅਸ਼ੋਕ ਮੋਦਗਿਲ, ਡਾ. ਪ੍ਰੇਮ ਪਾਲ, ਹੇਮ ਰਾਜ ਸ਼ਰਮਾ, ਭਗਵਾਨ ਦਾਸ ਬਾਂਸਲ, ਸੁਰਿੰਦਰ ਕੁਮਾਰ, ਵਿਨੋਦ ਸ਼ਰਮਾ, ਰੁਲਦੂ ਰਾਮ, ਮਦਨ ਲਾਲ ਗੋਇਲ ਆਦਿ ਵੀ ਮੌਜੂਦ ਸਨ।