ਬੁੱਢਾ ਦਰਿਆ ਅੰਮ੍ਰਿਤ ਵਾਂਗ ਵਗੇ ਇਹ ਸੁਪਨਾ ਲੈਕੇ ਚਲੇ ਹਾਂ : ਸੰਤ ਸੀਚੇਵਾਲ

  • ਅੱਧੀ ਦਰਜਨ ਤੋਂ ਵੱਧ ਡੇਅਰੀਆਂ ਦਾ ਕੀਤਾ ਦੌਰਾ, ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਦੀ ਕੀਤੀ ਖਿਚਾਈ*
  • ਭੂਖੜੀ ਖੁਰਦ ਵਿੱਚ ਸੀਚੇਵਾਲ ਮਾਡਲ ਤਹਿਤ ਬਣਾਇਆ ਜਾ ਰਿਹਾ ਛੱਪੜ
  • ਅਧਿਕਾਰੀਆਂ ਨੇ ਮੌਕੇ ‘ਤੇ ਜਾ ਕੇ ਬੁੱਢੇ ਦਰਿਆ ਦੀ ਦੇਖੀ ਅਸਲ ਤਸਵੀਰ

ਲੁਧਿਆਣਾ, 06 ਫਰਵਰੀ 2025 : ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਲੱਗੇ ਹੋਏ ਵਾਤਾਵਰਨ ਪ੍ਰੇਮੀ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭੂਖੜੀ ਖੁਰਦ ਸਮੇਤ ਸ਼ਹਿਰ ਵਿੱਚਲੀਆਂ ਅੱਧੀ ਦਰਜਨ ਤੋਂ ਵੱਧ ਡੇਅਰੀਆਂ ਦਾ ਦੌਰਾ ਕੀਤਾ। ਡੇਅਰੀਆਂ ਵਾਲੀਆਂ ਥਾਵਾਂ ਵਿੱਚ ਗੋਬਰ ਅਤੇ ਮੁਤਰਾਲ ਨਾਲ ਸਾਰੀਆਂ ਸੜਕਾਂ ਭਰੀਆਂ ਦੇਖ ਕੇ ਸੰਤ ਸੀਚੇਵਾਲ ਦੰਗ ਰਹਿ ਗਏ। ਉਨ੍ਹਾਂ ਤੁਰੰਤ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਖਹਿਰਾ ਨੂੰ ਇਸ ਕੰਮ  ਵਿੱਚ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਕਰਦਿਆ ਕਿਹਾ ਕਿ ਬੁੱਢੇ ਦਰਿਆ ਨੂੰ ਪਲੀਤ ਕਰਨ ਵਾਲੀ ਕਿਸੇ ਵੀ ਧਿਰ ਨਾਲ ਨਰਮੀ ਨਾ ਵਰਤੀ ਜਾਵੇ। ਭੂਖੜੀ ਖੁਰਦ ਵਿੱਚ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਦੋ ਵੱਡੀਆਂ ਐਕਸਾਵੇਟਰ ਮਸ਼ੀਨਾਂ ਲਾਈਆਂ ਹੋਈਆਂ ਹਨ ਜਿਹੜੀਆਂ ਚਾਰ ਦਿਨ ਤੋਂ ਪਿੰਡ ਦੇ ਛਪੱੜ ਵਿੱਚੋ ਗੋਹਾ ਕੱਢ ਰਹੀਆਂ ਹਨ। ਜਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਜਮਾਲਪੁਰ ਐਸ.ਟੀ.ਪੀ. ਤੇ ਕੀਤੀ ਮੀਟਿੰਗ ਵਿੱਚ ਵੀ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਸਖਤ ਰੁਖ ਅਪਣਾਈ ਰੱਖਿਆ। ਉਨ੍ਹਾਂ ਕਿਹਾ ਕਿ 22 ਦਸੰਬਰ 2024 ਤੋਂ ਬੁੱਢੇ ਦਰਿਆ ਵਿੱਚ ਗੰਦੇ ਤੇ ਜ਼ਹਿਰੀਲੇ ਪਾਣੀ ਪੈਣ ਤੋਂ ਰੋਕਣ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਡੇਅਰੀਆਂ ਦਾ ਵੱਡੇ ਪੱਧਰ ‘ਤੇ ਦਰਿਆ ਵਿੱਚ ਗੋਬਰ ਆਉਣ ਨਾਲ ਇਸ ਦਾ ਵਹਿਣ ਰੁਕਿਆ ਹੋਇਆ ਹੈ। ਇਸ ਮੀਟਿੰਗ ਵਿੱਚ ਪੀ.ਐਮ.ਆਈ.ਡੀ.ਸੀ ਦੇ ਸੀ.ਈ.ਓ ਦੀਪਤੀ ਉੱਪਲ, ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ , ਵਧੀਕ ਕਮਿਸ਼ਨਰ ਪਰਮਦੀਪ ਸਿੰਘ ਖਹਿਰਾ, ਐਸ.ਡੀ.ਐਮ, ਜਸਲੀਨ ਕੌਰ ਭੁਲੱਰ , ਪੀ.ਪੀ.ਸੀ.ਬੀ, ਡਰੇਨਜ਼ ਵਿਭਾਗ, ਪੰਚਾਇਤੀ ਵਿਭਾਗ, ਗਲਾਡਾ,ਬਿਜਲੀ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇਹ ਚੱਲ ਰਹੀ ਮੁਹਿੰਮ ਬੁੱਢੇ ਦਰਿਆ ਨੂੰ ਇਸਦੀ ਕੁਦਰਤੀ, ਪ੍ਰਦੂਸ਼ਣ ਮੁਕਤ ਸਥਿਤੀ ਵਿੱਚ ਬਹਾਲ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਦਰਸਾਉਂਦੀ ਹੈ, ਅਤੇ ਸੰਤ ਸੀਚੇਵਾਲ ਨੇ ਇਸ ਪ੍ਰਕਿਰਿਆ ਵਿੱਚ ਆਪਣੇ ਪੂਰੇ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ।