ਲੁਧਿਆਣਾ, 21 ਮਾਰਚ : ਅੱਜ ਪੀ ਏ ਯੂ ਦੇ ਵਾਈਸ ਚਾਂਸਲਰ ਦਫਤਰ ਦੇ ਸੈਮੀਨਾਰ ਹਾਲ ਵਿਚ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੀ ਏ ਯੂ ਦੇ ਬੌਟਨੀ ਦੇ ਪ੍ਰੋਫੈਸਰ ਡਾ ਸੀਮਾ ਬੇਦੀ ਵਲੋਂ ਲਿਖਿਤ ਕਿਤਾਬ ਮਿਊਜ਼ਿੰਗ ਅਨਲੀਸ਼ਡ ਨੂੰ ਜਾਰੀ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕੀਤੀ। ਡਾ ਗੋਸਲ ਨਾਲ ਲੇਖਕਾ ਦੇ ਜੀਵਨ ਸਾਥੀ ਡਾ. ਸਿਮਰਤ ਸਾਗਰ,ਪੀ ਏ ਯੂ ਦੇ ਉੱਚ ਅਧਿਕਾਰੀ, ਡੀਨ, ਡਾਇਰੈਕਟਰ ਅਤੇ ਬੌਟਨੀ ਵਿਭਾਗ ਦੇ ਅਧਿਆਪਕਾਂ ਦੇ ਨਾਲ ਯੂਨੀਵਰਸਿਟੀ ਦੇ ਸਾਹਿਤਕ ਮੱਸ ਰੱਖਣ ਵਾਲੇ ਮਾਹਿਰ ਵੀ ਸ਼ਾਮਿਲ ਸਨ। ਇਸ ਮੌਕੇ ਡਾ. ਬੇਦੀ ਦੇ ਅਕਾਦਮਿਕ ਅਤੇ ਸਾਹਿਤਕ ਜਗਤ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਆਪਣੀ ਟਿੱਪਣੀ ਵਿਚ ਡਾ: ਗੋਸਲ ਨੇ ਡਾ: ਬੇਦੀ ਦੇ ਸਾਹਿਤਕ ਸਫ਼ਰ ਦੀ ਡੂੰਘੀ ਪ੍ਰਸ਼ੰਸਾ ਕੀਤੀ। ਇਨ੍ਹਾਂ ਮਿਊਜ਼ਿੰਗ ਅਨਲੀਸ਼ਡ ਨੂੰ ਇੱਕ ਸ਼ਾਨਦਾਰ ਲੇਖ ਸੰਗ੍ਰਹਿ ਕਹਿੰਦਿਆਂ ਇਸਦੇ ਵਿਭਿੰਨ ਪੱਖਾਂ ਬਾਰੇ ਗੱਲ ਕੀਤੀ। ਨਾਲ ਹੀ ਡਾ ਗੋਸਲ ਨੇ ਵਿਗਿਆਨ ਅਤੇ ਕਲਾ ਦੇ ਸੰਬੰਧਾਂ ਨੂੰ ਉਜਾਗਰ ਕਰਦੀਆਂ ਸੰਸਾਰ ਭਾਰ ਦੇ ਵਿਗਿਆਨੀਆਂ ਵੱਲੋਂ ਲਿਖੀਆਂ ਉੱਚ ਪੱਧਰੀ ਸਾਹਿਤਕ ਕਿਰਤਾਂ ਦਾ ਹਵਾਲਾ ਦਿੱਤਾ। ਵਾਈਸ ਚਾਂਸਲਰ ਨੇ ਡਾ: ਬੇਦੀ ਨੂੰ ਯੂਨੀਵਰਸਿਟੀ ਦੇ ਕਾਰਜਕਾਲ ਤੋਂ ਜਲਦੀ ਹੀ ਸੇਵਾ ਮੁਕਤ ਹੋ ਕੇ ਅਗਲੇ ਜੀਵਨ ਪੜਾਅ ਵਿਚ ਨਵੇਂ ਅਧਿਆਏ ਦੀ ਸ਼ੁਰੂਆਤ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ । ਉਨ੍ਹਾਂ ਕਿਹਾ ਕਿ ਡਾ ਸੀਮਾ ਬੇਦੀ ਪ੍ਰਤਿਭਾਵਾਨ ਲੇਖਕ ਹੀ ਨਹੀਂ, ਸਗੋਂ ਇੱਕ ਦੂਰਦਰਸ਼ੀ ਚਿੰਤਕ ਅਤੇ ਹਮਦਰਦ ਇਨਸਾਨ ਵੀ ਹਨ। ਕਾਲਜ ਆਫ਼ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਦੇ ਡੀਨ ਡਾ. ਸ਼ੰਮੀ ਕਪੂਰ ਨੇ ਡਾ ਸੀਮਾ ਬੇਦੀ ਦੇ ਅਕਾਦਮਿਕ ਸਫ਼ਰ ਬਾਰੇ ਦੱਸਿਆ ਕਿ ਯੂਨੀਵਰਸਿਟੀ ਵਿਚ ਉਨ੍ਹਾਂ ਦਾ ਸਫ਼ਰ 1990 ਵਿਚ ਸ਼ੁਰੂ ਹੋਇਆ ਜਦੋਂ ਉਸਨੇ ਸਹਾਇਕ ਪ੍ਰੋਫੈਸਰ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ ਅਕਾਦਮਿਕ ਅਤੇ ਹੋਰ ਕੰਮਾਂ ਪ੍ਰਤੀ ਡਾ. ਬੇਦੀ ਦੇ ਸਮਰਪਣ ਦੀ ਸ਼ਲਾਘਾ ਕੀਤੀ, ਖਾਸ ਤੌਰ 'ਤੇ ਇਨ੍ਹਾਂ ਲੇਖਾਂ ਲਈ ਜਿਨ੍ਹਾਂ ਨੇ ਪਾਠਕਾਂ ਨੂੰ ਵੱਖ-ਵੱਖ ਵਿਸ਼ਿਆਂ 'ਤੇ ਮੁੱਲਵਾਨ ਨਜ਼ਰੀਏ ਨਾਲ ਭਰਪੂਰ ਕੀਤਾ ਹੈ। ਡਾ: ਐਮ.ਐਸ. ਸਿੱਧੂ ਨੇ ਟਿੱਪਣੀ ਕੀਤੀ ਕਿ ਡਾ: ਬੇਦੀ ਨੇ ਵਿਗਿਆਨ, ਰਚਨਾਤਮਕਤਾ ਅਤੇ ਮਨੁੱਖੀ ਅਨੁਭਵ ਦੇ ਗੁੰਝਲਦਾਰ ਖ਼ਾਸੇ ਦੀ ਡੂੰਘਾਈ ਨਾਲ ਪੇਸ਼ਕਾਰੀ ਕੀਤੀ ਹੈ। ਡਾ: ਸਿੱਧੂ ਨੇ ਡਾ: ਬੇਦੀ ਵਲੋਂ ਅਪਣਾਏ ਵਿਭਿੰਨ ਵਿਸ਼ਿਆਂ ਬਾਰੇ ਗੱਲ ਕੀਤੀ ਜਿਨ੍ਹਾਂ ਵਿੱਚ ਲਿੰਗਕ ਬਰਾਬਰੀ ਅਤੇ ਔਰਤਾਂ ਦੇ ਸਸ਼ਕਤੀਕਰਨ ਤੋਂ ਲੈ ਕੇ ਸਮਕਾਲੀ ਜੀਵਨ ਦੀਆਂ ਡੂੰਘਾਈਆਂ ਸ਼ਾਮਲ ਹਨ। ਲੇਖਕ ਦੇ ਲੇਖਾਂ ਦੀ ਪ੍ਰਸ਼ੰਸਾ ਕਰਦੇ ਹੋਏ, ਡਾ. ਸਰਬਜੀਤ ਸਿੰਘ ਨੇ ਸੰਵੇਦਨਸ਼ੀਲ ਵਿਸ਼ਿਆਂ ਨੂੰ ਸੰਬੋਧਨ ਕਰਨ ਲਈ ਡਾ. ਬੇਦੀ ਦੀ ਨਿੱਗਰ ਪਹੁੰਚ ਦਾ ਹਵਾਲਾ ਦਿੱਤਾ। ਅੰਗਰੇਜ਼ੀ ਦੇ ਸਹਿਯੋਗੀ ਪ੍ਰੋਫ਼ੈਸਰ ਡਾ: ਸੁਮੇਧਾ ਭੰਡਾਰੀ ਨੇ ਡਾ: ਬੇਦੀ ਦੀ ਕਿਤਾਬ ਬਾਰੇ ਅਪਣਾ ਸੰਖੇਪ ਸ਼ੋਧ ਪੇਪਰ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਲੇਖ, ਵਿਸ਼ਾਲ ਅਨੁਭਵ ਅਤੇ ਡੂੰਘੀ ਨੀਝ ਵਿਚੋਂ ਸਿਰਜੇ ਗਏ ਹਨ। ਇਨ੍ਹਾਂ ਵਿਚ ਸਾਡੇ ਸਮਿਆਂ ਦੇ ਸਮਾਜਿਕ, ਸੱਭਿਆਚਾਰਕ ਅਤੇ ਵਿਗਿਆਨਕ ਮੁੱਦਿਆਂ ਨੂੰ ਸੰਬੋਧਨ ਕੀਤਾ ਗਿਆ ਹੈ। ਲੇਖਕ ਡਾ. ਸੀਮਾ ਬੇਦੀ ਨੇ ਖੁਦ ਕਿਤਾਬ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੋਏ ਦੱਸਿਆ ਕਿ ਮਿਊਜ਼ਿੰਗ ਅਨਲੀਸ਼ਡ ਉਨ੍ਹਾਂ ਲੇਖਾਂ ਦਾ ਸੰਗ੍ਰਹਿ ਹੈ ਜੋ ਤਿੰਨ ਦਹਾਕਿਆਂ ਤੋਂ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਏ। ਇਨ੍ਹਾਂ ਵਿੱਚ ਫੈਮਿਨਾ, ਵੂਮੈਨਜ਼ ਇਰਾ, ਹਿੰਦੁਸਤਾਨ ਟਾਈਮਜ਼ ਆਦਿ ਸ਼ਾਮਲ ਹਨ। ਉਨ੍ਹਾਂ ਨੇ ਇਮਾਨਦਾਰੀ ਅਤੇ ਸਪੱਸ਼ਟਤਾ ਨਾਲ ਵੱਖ-ਵੱਖ ਸਮਾਜਿਕ ਵਿਸ਼ਿਆਂ ਨੂੰ ਪ੍ਰਗਟ ਕਰ ਸਕਣ ਉੱਪਰ ਤਸੱਲੀ ਪ੍ਰਗਟ ਕੀਤੀ। ਸਮਾਰੋਹ ਦੀ ਸਮਾਪਤੀ ਡਾ. ਸਿਮਰਤ ਸਾਗਰ ਦੁਆਰਾ ਧੰਨਵਾਦ ਨਾਲ ਹੋਈ।