- ਮਾਹਿਰਾਂ ਦੀ ਸਲਾਹ ਨਾਲ ਦਿਵਿਆਂਗਜਨ ਵਿਅਕਤੀਆਂ ਨੂੰ ਮੁਹੱਈਆਂ ਕਰਵਾਏ ਜਾਣਗੇ ਸਹਾਇਕ ਉਪਕਰਣ
- ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਦਿਵਿਆਂਗਜ਼ਨਾਂ ਕੋਲ ਯੂ.ਡੀ.ਆਈ.ਡੀ. ਕਾਰਡ ਦਾ ਹੋਣਾ ਲਾਜਮੀ
ਮਾਲੇਰਕੋਟਲਾ 21 ਸਤੰਬਰ 2024 : ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾ ਹੇਠ ਰੈਡ ਕਰਾਸ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅਲਿਮਕੋ, ਮੋਹਾਲੀ ਦੇ ਸਹਿਯੋਗ ਨਾਲ ਦਿਵਿਆਂਗਜਨ ਵਿਅਕਤੀਆਂ ਨੂੰ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ 4 ਅਕਤੂਬਰ 2024 ਦਿਨ ਸੁੱਕਰਵਾਰ ਨੂੰ ਮੰਦਿਰ ਕਾਲੀ ਦੇਵੀ, ਮਾਲੇਰਕੋਟਲਾ ਵਿਖੇ ਅਸੈਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਵੇਗਾ । ਉਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਦਿਵਿਆਂਗਜਨਾਂ ਦੀ ਜਾਂਚ ਕਰਵਾ ਕੇ ਮਾਹਿਰਾਂ ਦੀ ਸਲਾਹ ਨਾਲ ਦਿਵਿਆਂਗਜਨ ਸਹਾਇਕ ਉਪਕਰਣ ਦੇਣ ਲਈ ਪੂੰਜੀਗਤ ਕੀਤਾ ਜਾਵੇਗਾ । ਉਨਾਂ ਨੇ ਚਾਹਵਾਨਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੀ ਅਪੀਲ ਕੀਤੀ। ਇਸ ਕੈਂਪ ਵਿਚ ਮੋਟਰਾਇਜਡ ਟਰਾਈਸਾਇਕਲ, ਟਰਾਈ ਸਾਇਕਲ, ਵ੍ਹੀਲ ਚੇਅਰ, ਨਕਲੀ ਅੰਗ, ਪੋਲਿਓ ਕੈਲਿਪਰ, ਕੰਨਾਂ ਦੀਆਂ ਮਸ਼ੀਨਾਂ, ਸਮਾਰਟ ਫੋਨ, ਸੀ.ਪੀ. ਚੇਅਰ, ਐਮ.ਆਰ. ਕਿੱਟ, ਨੇਤਰਹੀਣਾਂ ਲਈ ਸਮਾਰਟ ਕੇਨ, ਐਲਬੋ ਕਰੰਚ, ਚੱਲਣ ਵਾਲੀ ਸੋਟੀ, ਬਰੇਲ ਕੇਨ, ਵਾਕਰ, ਏ.ਡੀ.ਐਲ ਕਿੱਟ (ਲੈਪਰੇਸੀ), ਬੀ ਟੀ ਈ (2 ਸਾਲ ਤੋਂ ਛੋਟੇ ਬੱਚੇ ਲਈ ਕੰਨ ਦੀ ਮਸ਼ੀਨ) ਅਤੇ ਹੋਰ ਸਹਾਇਕ ਉਪਕਰਣ ਲੋੜ ਅਨੁਸਾਰ ਲਾਭਪਾਤਰੀਆਂ ਨੂੰ ਦੇਣ ਲਈ ਅਸੈਸਮੈਂਟ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਦਿਵਿਆਂਗਜ਼ਨਾਂ ਕੋਲ ਯੂ.ਡੀ.ਆਈ.ਡੀ. ਕਾਰਡ ਦਾ ਹੋਣਾ ਲਾਜਮੀ ਹੋਵੇਗਾ। ਇਸ ਦੇ ਨਾਲ ਹੀ ਦਿਵਿਆਂਗਜਨ ਵਿਅਕਤੀ ਕੋਲ ਆਧਾਰ ਕਾਰਡ, ਦੋ ਪਾਸਪੋਰਟ ਸਾਈਜ ਫੋਟੋਆਂ ਅਤੇ 22,000 ਰੁਪਏ ਤੋਂ ਘੱਟ ਪ੍ਰਤੀ ਮਹੀਨਾ ਆਮਦਨ ਦਾ ਨੰਬਰਦਾਰ/ ਐਮ.ਸੀ ਜਾਂ ਤਹਿਸੀਲਦਾਰ/ਉੱਚ ਅਧਿਕਾਰੀ ਤੋਂ ਤਸਦੀਕ ਸ਼ੁਦਾ ਸਰਟੀਫਿਕੇਟ ਹੋਣਾ ਵੀ ਲਾਜਮੀ ਹੋਵੇਗਾ। ਇਸ ਤੋਂ ਇਲਾਵਾ ਸੀਨੀਅਰ ਸੀਟੀਜਨ ਕੋਲ ਆਧਾਰ ਕਾਰਡ, ਪਾਸਪੋਰਟ ਸਾਈਜ ਫੋਟੋਆਂ ਦੇ ਨਾਲ- ਨਾਲ 15,000 ਰੁਪਏ ਤੋਂ ਘੱਟ ਪ੍ਰਤੀ ਮਹੀਨੇ ਆਮਦਨ ਦਾ ਨੰਬਰਦਾਰ/ ਐਮ.ਸੀ ਜਾਂ ਤਹਿਸੀਲਦਾਰ/ ਉੱਚ ਅਧਿਕਾਰੀ ਤੋਂ ਤਸਦੀਕ ਸ਼ੁਦਾ ਸਰਟੀਫਿਕੇਟ ਲੈ ਕੇ ਆਉਣਾ ਯਕੀਨੀ ਬਣਾਉਣ। ਵਧੇਰੇ ਜਾਣਕਾਰੀ ਲਈ 98766-00337 ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।