
- ਮਹਿਲ ਕਲਾਂ ਅਤੇ ਤਪਾ ਵਿੱਚ ਲੱਗਣ ਵਾਲੇ ਕੈਂਪ ਦਾ ਲਾਹਾ ਲੈਣ ਦਿਵਿਆਂਗਜਨ ਵਿਅਕਤੀ: ਵਧੀਕ ਡਿਪਟੀ ਕਮਿਸ਼ਨਰ
ਬਰਨਾਲਾ, 4 ਦਸੰਬਰ 2024 : ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਤਹਿਤ ਅੱਜ ਬਲਾਕ ਬਰਨਾਲਾ ਦੇ ਦਿਵਿਆਂਗਜਨਾਂ ਨੂੰ ਨਕਲੀ ਅੰਗ/ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਅਸੈੱਸਮੈਂਟ ਕੈਂਪ ਇੱਥੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦਫ਼ਤਰ, ਤਹਿਸੀਲ ਕੰਪਲੈਕਸ ਵਿਖੇ ਲਾਇਆ ਗਿਆ। ਇਸ ਕੈਂਪ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਲਤੀਫ਼ ਅਹਿਮਦ ਨੇ ਪੁੱਜ ਕੇ ਜਾਇਜ਼ਾ ਲਿਆ ਅਤੇ ਵੱਧ ਤੋਂ ਵੱਧ ਯੋਗ ਵਿਅਕਤੀਆਂ ਨੂੰ ਲਾਹਾ ਦੇਣ ਦੇ ਨਿਰਦੇਸ਼ ਦਿੱਤੇ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਰਨਾਲਾ ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਭਲਕੇ 5 ਦਸੰਬਰ ਨੂੰ ਮਹਿਲ ਕਲਾਂ ਬਲਾਕ ਦਾ ਕੈਂਪ ਕਮਿਊਨਿਟੀ ਹੈਲਥ ਸੈਂਟਰ (ਸੀ ਐਚ ਸੀ) ਮਹਿਲ ਕਲਾਂ ਤੇ 6 ਦਸੰਬਰ ਨੂੰ ਸ਼ਹਿਣਾ ਬਲਾਕ ਦਾ ਕੈਂਪ ਸਿਵਲ ਹਸਪਤਾਲ ਤਪਾ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤਕ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਨਕਲੀ ਅੰਗਾਂ/ ਸਹਾਇਕ ਉਪਕਰਨਾਂ ਲਈ ਵੱਡੀ ਗਿਣਤੀ ਵਿਅਕਤੀਆਂ ਦੀ ਅਸੈੱਸਮੈਂਟ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੈੱਸਮੈਂਟ ਮਗਰੋਂ ਨਕਲੀ ਅੰਗ/ ਸਹਾਇਕ ਉਪਕਰਨ ਮੁਹਈਆ ਕਰਾਉਣ ਲਈ ਕੈਂਪ ਵੱਖਰੇ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮੋਟਰਾਈਜ਼ਡ ਟਰਾਈਸਾਇਕਲ ਸਿਰਫ 80% ਤੋਂ ਵੱਧ ਦਿਵਿਆਗਤਾ ਹੋਣ ਦੀ ਸੂਰਤ ਵਿੱਚ ਹੀ ਮਹੁਈਆ ਕਰਵਾਈ ਜਾਵੇਗੀ। ਉਨ੍ਹਾਂ ਬਲਾਕ ਮਹਿਲ ਕਲਾਂ ਅਤੇ ਸ਼ਹਿਣਾ ਦੇ ਦਿਵਿਆਂਗਜਨ ਵਿਅਕਤੀਆਂ ਨੂੰ 5 ਅਤੇ 6 ਦਸੰਬਰ ਨੂੰ ਲੱਗਣ ਵਾਲੇ ਕੈਂਪਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ।