ਪਟਿਆਲਾ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੂੰ ਆਪਣੇ ਕੀਤੇ ਟਵੀਟ ਜਰੀਏ ਅੱਜ ਦੇ ਭਗਤ ਸਿੰਘ ਕਹਿਣ ਦੇ ਮਾਮਲੇ ਤੇ ਵਿਵਾਦਾਂ ਵਿੱਚ ਘਿਰ ਗਏ ਹਨ, ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਮਾਮਲੇ ਸੰਬੰਧੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਨੀਸ਼ ਸਿਸੋਦੀਆ ਨੂੰ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ ਵੱਲੋਂ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਲਈ ਜਾਨਾਂ ਵਾਰਨ ਵਾਲੇ ਦੇਸ਼ ਦੇ ਮਹਾਨ ਸਪੂਤ ਭਗਤ ਸਿੰਘ ਤੇ ਬਰਾਬਰ ਇਕ ਮਨੀਸ਼ ਸਿਸੋਦੀਆ ਨੂੰ ਦਰਜਾ ਦੇਣਾ ਜਿੱਥੇ ਮੰਦਭਾਗਾ ਹੈ ਉਥੇ ਹੀ ਉਨ੍ਹਾਂ ਮਹਾਨ ਸ਼ਹੀਦਾਂ ਦਾ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅਪਮਾਨ ਵੀ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਆਪਣੇ ਟਵੀਟ ਦੇ ਜ਼ਰੀਏ ਕਿਹਾ ਗਿਆ ਕਿ ਜੇਲ੍ਹ ਦੀਆਂ ਸਲਾਖਾਂ ਅਤੇ ਫਾਂਸੀ ਦਾ ਫੰਦਾ ਭਗਤ ਸਿੰਘ ਦੇ ਬੁਲੰਦ ਇਰਾਦਿਆਂ ਨੂੰ ਡੇਗ ਨਹੀਂ ਪਾਏ ਤੇ ਇਹ ਆਜ਼ਾਦੀ ਦੀ ਦੂਸਰੀ ਲੜਾਈ ਹੈ ਮਨੀਸ਼ ਅਤੇ ਸਤੇਂਦਰ ਜੈਨ ਅਜ ਦੇ ਭਗਤ ਸਿੰਘ ਹਨ ਤੇ 75 ਸਾਲ ਬਾਅਦ ਦੇਸ਼ ਨੂੰ ਇਕ ਸਿੱਖਿਆ ਮੰਤਰੀ ਮਿਲਿਆ ਹੈ ਜਿਸ ਨੇ ਗ਼ਰੀਬਾਂ ਨੂੰ ਚੰਗੀ ਸਿੱਖਿਆ ਦੇ ਕੇ ਸੁਨਹਿਰੇ ਭਵਿੱਖ ਦੀ ਉਮੀਦ ਜਗਾਈ ਹੈ। ਪ੍ਰੋ ਬਡੂੰਗਰ ਨੇ ਕਿਹਾ ਕਿ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਅੱਜ ਦਾ ਦੇਸ਼ ਭਗਤ ਕਹੇ ਜਾਣ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦੀ ਸਮੁੱਚੀ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਕਿਉਂਕਿ ਇਹ ਭਗਤ ਸਿੰਘ ਦੀ ਸੋਚ ਤੋਂ ਵੀ ਕੋਹਾਂ ਦੂਰ ਹਨ।