ਰਾਏਕੋਟ, 11 ਸਤੰਬਰ 2024 : ਸਥਾਨਕ ਬੱਸ ਅੱਡੇ ਨੇੜੇ ਅੱਜ ਕੁਝ ਹਥਿਆਰਬੰਦ ਨੌਜਵਾਨਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਦੁਪਹਿਰ ਬਾਅਦ ਹੋਈ ਇਸ ਘਟਨਾ ਵਿੱਚ ਪੰਜ ਛੇ ਨੌਜਵਾਨਾਂ ਵੱਲੋਂ ਜੋ ਕਿ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਸਨ ਨੇ ਰਾਏਕੋਟ ਬੱਸ ਸਟੈਂਡ ਨੇੜੇ ਦਹਿਸ਼ਤ ਫੈਲਾਉਂਦੇ ਹੋਏ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ, ਜਿਸ ਨਾਲ ਉੱਥੇ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮੌਕੇ ’ਤੇ ਮੌਜ਼ੂਦ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਰਾਏਕੋਟ ਬੱਸ ਸਟੈਂਡ ਵਿੱਚ ਰੋਜ਼ਾਨਾ ਨੌਜਵਾਨ ਵੱਡੀ ਗਿਣਤੀ ਵਿੱਚ ਆਉਂਦੇ ਹਨ ਅਤੇ ਉੱਥੇ ਲੜਕੀਆਂ ਨਾਲ ਛੇੜਛਾੜ ਅਤੇ ਉਨ੍ਹਾਂ ਦਾ ਪਿੱਛਾ ਕਰਦੇ ਹਨ। ਜਿਸ ਕਾਰਨ ਲੜਕੀਆਂ ਵਿੱਚ ਕਾਫ਼ੀ ਡਰ ਅਤੇ ਸਹਿਮ ਦਾ ਮਾਹੌਲ ਹੈ। ਅੱਜ ਦੀ ਘਟਨਾ ਵਿੱਚ ਵੀ ਜਦ ਕੁਝ ਨੌਜਵਾਨਾਂ ਨੇ ਇੱਕ ਲੜਕੀ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਪਿਤਾ ਵੱਲੋਂ ਵਿਰੋਧ ਕਰਨ ਤੇ ਹਥਿਆਰਬੰਦ ਨੌਜਵਾਨਾਂ ਨੇ ਲੜਕੀ ਦੇ ਪਿਤਾ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਲੜਕੀ ਦਾ ਪਿਤਾ ਕੁਲਦੀਪ ਸਿੰਘ ਅਤੇ ਉਸਦਾ ਇੱਕ ਸਾਥੀ ਹਰਮੇਸ਼ ਸਿੰਘ, ਅਮਿ੍ਰਪਾਲ ਸਿੰਘ ਅਤੇ ਸਿਮਰਜੋਤ ਸਿੰਘ ਜ਼ਖ਼ਮੀ ਹੋ ਗਏ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨੌਜਵਾਨ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਸਨ ਅਤੇ ਜਿਨਾਂ ਦੇ ਹੱਥਾਂ ਵਿੱਚ ਤਲਵਾਰਾਂ, ਰਾਡਾਂ ਅਤੇ ਟਕੂਏ ਆਦਿ ਫੜੇ ਹੋਏ ਸਨ ਨੇ ਦਹਿਸ਼ਤ ਦਾ ਮਾਹੌਲ ਸਿਰਜ਼ਦੇ ਹੋਏ ਹਮਲਾ ਕੀਤਾ ਜਿਸ ਵਿੱਚ ਕੁਝ ਲੋਕ ਜ਼ਖਮੀ ਵੀ ਹੋਏ ਹਨ। ਲੋਕਾਂ ਦਾ ਕਹਿਣਾ ਹੈ ਰਾਏਕੋਟ ਵਿੱਚ ਪੁਲਿਸ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਦਿਖ਼ਾਈ ਨਹੀ ਦੇ ਰਹੀ ਹੈ, ਕਿਉਂਕਿ ਕੁਝ ਦਿਨ ਪਹਿਲਾਂ ਵੀ ਬੱਸ ਸਟੈਂਡ ਦੇ ਅੰਦਰ ਹਥਿਆਰਬੰਦ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ। ਪ੍ਰੰਤੂ ਇਸ ਦੇ ਬਾਵਜੂਦ ਪੁਲਿਸ ਵਲੋਂ ਬੱਸ ਸਟੈਂਡ ’ਤੇ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਨਹੀ ਕੀਤੀ ਗਈ ਹੈ। ਜਿਸ ਕਾਰਨ ਗੁੰਡਾ ਅਨਸਰਾਂ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ ਅਤੇ ਉਹ ਬਿਨਾਂ ਕਿਸੇ ਡਰ ਦੇ ਹਥਿਆਰਾਂ ਨਾਲ ਲੈੱਸ ਹੋ ਕੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਅੱਜ ਜਦ ਹਮਲਾਵਰ ਹਮਲਾ ਕਰਕੇ ਭੱਜ ਰਹੇ ਸਨ ਤਾਂ ਮੌਕੇ ਤੇ ਐਸ.ਐਚ.ਓ ਦਵਿੰਦਰ ਸਿੰਘ ਦੀ ਅਗਵਾਈ ’ਚ ਪੁੱਜੀ ਪੁਲਿਸ ਪਾਰਟੀ ਨੂੰ ਦੇਖ ਕੇ ਉਹ ਦੋ ਮੋਟਰਸਾਈਕਲ ਉੱਥੇ ਛੱਡ ਕੇ ਫਰਾਰ ਹੋਣ ਵਿੱਚ ਕਾਮਯਾਬ ਰਹੇ, ਜਿੰਨ੍ਹਾਂ ਨੂੰ ਪੁਲਿਸ ਵਲੋਂ ਜ਼ਬਤ ਕਰ ਲਿਆ ਗਿਆ।