ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹਥਿਆਰਬੰਦ ਸੈਨਾ ਦਿਵਸ 2024 ਮਨਾਇਆ ਗਿਆ

  • 13 ਲੋੜਵੰਦ ਨਾਨ ਪੈਨਸ਼ਨਰ ਲਾਭਪਾਤਰਾਂ ਨੂੰ ਦਿੱਤੀ ਗਈ ਮਾਲੀ ਸਹਾਇਤਾ

ਫਰੀਦਕੋਟ 5 ਦਸੰਬਰ 2024 : ਅੱਜ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਹਥਿਆਰਬੰਦ ਸੈਨਾ ਝੰਡਾ ਦਿਵਸ 2024 ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੂੰ ਲੈਪਲ ਬੈਜ ਲਗਾ ਕੇ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਝੰਡਾ ਦਿਵਸ ਫੰਡ ਦੀ ਮਹੱਤਤਾ ਬਾਰੇ ਦੱਸਿਆ ਅਤੇ ਸਾਰਿਆਂ ਨੂੰ ਇਸ ਆਦਰਸ਼ ਮੰਤਵ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ 13 ਲੋੜਵੰਦ ਨਾਨ ਪੈਨਸ਼ਨਰ ਲਾਭਪਾਤਰਾਂ ਨੂੰ 65,000 ਰੁਪਏ ਦੀ ਮਾਲੀ ਸਹਾਇਤਾ ਵੀ ਡਿਪਟੀ ਕਮਿਸ਼ਨਰ, ਫਰੀਦਕੋਟ ਵੱਲੋਂ ਸੈਨਾ ਝੰਡਾ ਦਿਵਸ ਫੰਡ ਵਿੱਚੋਂ ਦਿੱਤੀ ਗਈ। ਇਸ ਉਪਰੰਤ ਜਿ਼ਲ੍ਹਾ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ, ਕਰਮਚਾਰੀਆਂ ਦੇ ਲੈਪਲ ਬੈਜ, ਟੋਕਨ ਫਲੈਗ ਲਗਾਏ ਗਏ ਅਤੇ ਚੰਦਾ ਇਕੱਤਰ ਕੀਤਾ ਗਿਆ। ਇਸ ਉਪਰੰਤ ਸੈਨਿਕ ਸਦਨ ਫਰੀਦਕੋਟ ਵਿਖੇ ਸਾਬਕਾ ਸੈਨਿਕਾਂ ,ਆਸ਼ਰਿਤਾਂ ਨੂੰ ਇਕੱਤਰ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ੍ਰੀਮਤੀ ਮਨਦੀਪ ਕੌਰ ਸੀਨੀਅਰ ਸਹਾਇਕ ਤੋਂ ਇਲਾਵਾ ਸਮੂਹ ਦਫਤਰੀ ਕਰਮਚਾਰੀ ਹਾਜ਼ਰ ਸਨ।