ਸ਼ਹਿਣਾ, 8 ਅਗਸਤ 2024 : ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਜਗਦੀਸ਼ ਸਿੰਘ ਦੀ ਅਗਵਾਈ ’ਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸ਼ਹਿਣਾ ਵਲੋਂ ਪਿੰਡ ਜੈਮਲ ਸਿੰਘ ਵਾਲਾ ਅਤੇ ਮਝੂਕੇ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ (ਸੀ.ਆਰ.ਐੱਮ) ਅਧੀਨ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈੰਪ ਦੌਰਾਨ ਵਾਤਾਵਰਨ ਸੰਭਾਲ ਅਤੇ ਪਰਾਲੀ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਏ.ਡੀ.ਓ ਨਵਜੀਤ ਸਿੰਘ ਨੇ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਨੁਕਸਾਨ ਹੁੰਦੇ ਹਨ। ਜ਼ਮੀਨ ਅਤੇ ਲੋਕਾਂ ਦੀ ਸਿਹਤ ਉੱਪਰ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨੂੰ ਅੱਗ ਨਾ ਲਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀਆਂ ਫਸਲਾਂ ਉੱਪਰ ਹੋਣ ਵਾਲੀਆਂ ਬਿਮਾਰੀਆਂ ਤੇ ਉਨ੍ਹਾਂ ਦੀ ਰੋਕਥਾਮ ਸਬੰਧੀ ਵੀ ਜਾਣਕਾਰੀ ਦਿੱਤੀ। ਬੀ.ਟੀ.ਐੱਮ ਜਸਵਿੰਦਰ ਸਿੰਘ ਨੇ ਕਿਹਾ ਕਿ ਬਾਸਮਤੀ ਦੀ ਫਸਲ ਉੱਪਰ ਸਿਫਾਰਿਸ਼ ਕੀਤੀਆਂ ਦਵਾਈਆਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਬਾਸਮਤੀ ਝੋਨੇ ਦਾ ਸਹੀ ਮੁੱਲ ਮਿਲ ਸਕੇ। ਸਹਾਇਕ ਤਕਨੀਕੀ ਮੈਨੇਜਰ ਸਤਨਾਮ ਸਿੰਘ ਨੇ ਕਿਹਾ ਕਿ ਖੇਤੀਬਾੜੀ ਦੀ ਵਰਤੋਂ ’ਚ ਆਉਣ ਵਾਲੀ ਹਰ ਸਾਮਾਨ ਦਾ ਪੱਕਾ ਬਿੱਲ ਕਿਸਾਨ ਜਰੂਰ ਲੈਣ ਤਾਂ ਜੋ ਬਾਜ਼ਾਰ ’ਚ ਅਣ-ਅਧਿਕਾਰਿਤ ਸਮਾਨ ਵੇਚਣ ਵਾਲੇ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਸਹਾਇਕ ਤਕਨੀਕੀ ਮੈਨੇਜਰ ਦੀਪਕ ਗਰਗ ਨੇ ਕਿਸਾਨਾਂ ਨੂੰ ਮੌਜੂਦਾ ਫਸਲਾਂ ਝੋਨਾ, ਨਰਮਾ ਆਦਿ ਸਬੰਧੀ ਜਾਣਕਾਰੀ ਦਿੱਤੀ। ਵਿਭਾਗ ਵਲੋਂ ਕਿਸਾਨਾਂ ਨੂੰ ਬਾਸਮਤੀ ਉੱਪਰ ਪਾਬੰਦੀਸ਼ੁਦਾ 10 ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਏ.ਐੱਸ.ਆਈ ਮੱਖਣ ਲਾਲ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵਾਤਾਵਰਨ ਦੀ ਸ਼ੁੱਧਤਾ ਲਈ ਵੱਡੇ ਪੱਧਰ ਉੱਪਰ ਬੂਟੇ ਵੰਡ ਰਿਹਾ ਹੈ ਤੇ ਲਗਵਾ ਵੀ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।