ਤਲਵੰਡੀ ਸਾਬੋ, 16 ਜਨਵਰੀ : ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਕੀਤਾ ‘ਆਪੇ ਗੁਰੁ ਚੇਲਾ’ ਨਗਰ ਕੀਰਤਨ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਪਹੁੰਚ ਕੇ ਖਾਲਸਾਈ ਜਾਹੋ-ਜਲਾਲ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਸੰਪੂਰਨ ਹੋਇਆ। ਇਥੇ ਪੁੱਜਣ ’ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਰੁਮਾਲਾ ਸਾਹਿਬ ਭੇਟ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਈ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦਿੱਤੇ। ਇਸ ਤੋਂ ਪਹਿਲਾਂ ਅੱਜ ਨਗਰ ਕੀਰਤਨ ਆਪਣੇ ਸੱਤਵੇਂ ਪੜਾਅ ਗੁਰਦੁਆਰਾ ਸ੍ਰੀ ਹਾਜੀਰਤਨ ਬਠਿੰਡਾ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਰਵਾਨਾ ਹੋਇਆ। ਬਠਿੰਡਾ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਨਗਰ ਕੀਰਤਨ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਨਗਰ ਕੀਰਤਨ ਦੌਰਾਨ ਵੱਖ-ਵੱਖ ਥਾਵਾਂ ’ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ ਗਈ। ਪੰਜਾਬ ਪੁਲੀਸ ਦੀ ਟੁਕੜੀ ਨੇ ਵੀ ਨਗਰ ਕੀਰਤਨ ਨੂੰ ਸਲਾਮੀ ਦਿੱਤੀ ਅਤੇ ਇਸ ਦੇ ਨਾਲ ਹੀ ਗੱਤਕਾ ਟੀਮਾਂ ਵੱਲੋਂ ਜੰਗਜੂ ਕਲਾ ਦੇ ਜੌਹਰ ਦਿਖਾਏ। ਨਗਰ ਕੀਰਤਨ `ਚ ਸ਼ਾਮਲ ਹੋਣ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹਰ ਸਾਲ ਸੰਗਤਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਵੱਡੇ ਉਤਸ਼ਾਹ ਨਾਲ ਮਨਾਉਂਦੀਆ ਹਨ। ਸੰਗਤਾਂ ਦੀ ਭਾਵਨਾ ਅਨੁਸਾਰ ਇਸ ਵਾਰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੌਮੀ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਭਲਕੇ 17 ਜਨਵਰੀ ਨੂੰ ਹੋਣ ਵਾਲੇ ਕੌਮੀ ਪੱਧਰ ਦੇ ਗੁਰਮਤਿ ਸਮਾਗਮ ਮੌਕੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ। ਉਨ੍ਹਾਂ ਨਗਰ ਕੀਰਤਨ ਦੌਰਾਨ ਸਹਿਯੋਗ ਕਰਨ ਵਾਲੀਆਂ ਸਭਾ-ਸੁਸਾਇਟੀਆਂ ਅਤੇ ਸਭਾ-ਸੁਸਾਇਟੀਆਂ ਅਤੇ ਸੰਗਤਾਂ ਦਾ ਧੰਨਵਾਦ ਵੀ ਕੀਤਾ। ਨਗਰ ਕੀਰਤਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਅੰਤ੍ਰਿੰਗ ਮੈਂਬਰ ਸ. ਮੋਹਨ ਸਿੰਘ ਬੰਗੀ, ਸ. ਗੁਰਪ੍ਰੀਤ ਸਿੰਘ ਝੱਬਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸ. ਅਮਰੀਕ ਸਿੰਘ ਕੋਟਸ਼ਮੀਰ, ਸ. ਕੌਰ ਸਿੰਘ, ਸ. ਅਵਤਾਰ ਸਿੰਘ ਵਣਵਾਲਾ, ਸ. ਜਗਸੀਰ ਸਿੰਘ ਮਾਂਗੇਆਣਾ, ਬੀਬੀ ਜੋਗਿੰਦਰ ਕੌਰ, ਬਾਬਾ ਗੁਰਮੀਤ ਸਿੰਘ, ਬਾਬਾ ਜੱਸਾ ਸਿੰਘ ਬੁੱਢਾ ਦਲ, ਬਾਬਾ ਟੇਕ ਸਿੰਘ ਧਨੌਲਾ, ਬਾਬਾ ਕਾਕਾ ਸਿੰਘ, ਅਕਾਲੀ ਆਗੂ ਸ. ਪ੍ਰਕਾਸ਼ ਸਿੰਘ ਭੱਟੀ, ਸ. ਇਕਬਾਲ ਸਿੰਘ ਢਿੱਲੋਂ, ਸ. ਮਾਹਨ ਸਿੰਘ, ਸ. ਗੁਰਚਰਨ ਸਿੰਘ ਡੱਬਵਾਲੀ, ਬਾਬਾ ਰਣਜੀਤ ਸਿੰਘ ਗੋਨੇਆਣਾ ਮੰਡੀ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਬਿਜੈ ਸਿੰਘ, ਮੀਤ ਸਕੱਤਰ ਸ. ਪਰਮਜੀਤ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਸ. ਰਣਜੀਤ ਸਿੰਘ, ਗੁਰਦੁਆਰਾ ਹਾਜੀਰਤਨ ਦੇ ਮੈਨੇਜਰ ਸ. ਸੁਮੇਰ ਸਿੰਘ, ਮਹੰਤ ਸੀਤਲ ਪ੍ਰਕਾਸ਼, ਮਹੰਤ ਸੁਰਜੀਤ ਦਾਸ ਮਹਿਮਾ ਸਰਜਾ, ਇੰਚਾਰਜ ਸ. ਜਗਪਾਲ ਸਿੰਘ, ਸ. ਭੋਲਾ ਸਿੰਘ, ਡਾ. ਗੁਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।