- ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਮੈਂਬਰ ਸਾਹਿਬਾਨ ਨੂੰ ਕੀਤਾ ਸਨਮਾਨਿਤ
ਜੈਤੋ, 3 ਨਵੰਬਰ 2024 : ਬਾਬਾ ਬਿਧੀ ਚੰਦ ਸੰਪਰਦਾ ਵਲੋਂ ਬੰਦੀ ਛੋੜ ਦਿਵਸ ਦੇ ਸੰਬੰਧ ‘ਚ ਡੇਰਾ ਛਬੀਲ ਬਾਬਾ ਸਵਾਇਆ ਸਿੰਘ ਛਾਉਣੀ ਦਲ ਬਾਬਾ ਬਿਧੀ ਚੰਦ ਜੀ ਚਾਟੀਵਿੰਡ ਚੌਕ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰੀ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਸੰਪਰਦਾਵਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਹਮੇਸ਼ਾਂ ਹੀ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕੀਤੇ ਹਨ ਅਤੇ ਜਦੋਂ ਵੀ ਕਦੇ ਪੰਥ ਨੂੰ ਮੁਸ਼ਕਲ ਦੌਰ ਵਿਚੋਂ ਲੰਘਣਾ ਪਿਆ ਤਾਂ ਇਨ੍ਹਾਂ ਸੰਪਰਦਾਵਾਂ ਅਤੇ ਜਥੇਬੰਦੀਆਂ ਨੇ ਚਟਾਨ ਵਾਂਗ ਪੰਥ ਦਾ ਸਾਥ ਦਿੱਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹਰ ਜਥੇਬੰਦੀ ਦਾ ਸਿੱਖ ਪੰਥ ਵਿਚ ਵੱਡਾ ਸਤਿਕਾਰ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਨਾਲ ਤਾਲਮੇਲ ਕਰਕੇ ਸਿੱਖੀ ਪ੍ਰਚਾਰ-ਪ੍ਰਸਾਰ ਤੇ ਪੰਥਕ ਕਾਰਜਾਂ ਦੀ ਵਿਉਂਤਬੰਦੀ ਕੀਤੀ ਜਾਵੇਗੀ। ਇਸ ਮੌਕੇ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਪਹੁੰਚੀਆਂ ਹੋਰ ਪ੍ਰਮੁੱਖ ਸਖਸ਼ੀਅਤਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੰਥ ਦਾ ਮਾਣ ਹੈ। ਉਨ੍ਹਾਂ ਕਿਹਾ ਕਿ ਦਲ ਹਮੇਸ਼ਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਅਤੇ ਪੰਥ ਦੀ ਪ੍ਰਮੁੱਖ ਸੰਸਥਾ ਸ਼੍ਰੋਮਣੀ ਕਮੇਟੀ ਨਾਲ ਪੰਥਕ ਕਾਰਜਾਂ ਵਿਚ ਹਮੇਸ਼ਾਂ ਸਹਿਯੋਗੀ ਰਹੇਗਾ। ਇਸ ਮੌਕੇ ਦਲ ਬਾਬਾ ਬਿਧੀ ਚੰਦ ਸੰਪਰਦਾ ਵੱਲੋਂ ਬਾਬਾ ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵੱਡ, ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸਾਬਕਾ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਬਾਬਾ ਨਾਹਰ ਸਿੰਘ ਸਾਧ ਜੀ, ਬਾਬਾ ਚਰਨਜੀਤ ਸਿੰਘ ਸੁਰਸਿੰਘ, ਬਾਬਾ ਨਿਹਾਲ ਸਿੰਘ ਸਭਰਾਵਾਂ ਵਾਲੇ, ਗੁਰਦੁਆਰਾ ਦਲ ਬਾਬਾ ਬਿਧੀ ਚੰਦ ਪਲੰਪਟਨ ਆਸਟਰੇਲੀਆ ਦੇ ਇੰਚਾਰਜ ਸ. ਗੁਰਦਰਸ਼ਨ ਸਿੰਘ, ਬਾਬਾ ਨਾਹਰ ਸਿੰਘ ਸਾਧ ਜੀ, ਸ. ਗੁਰਮੀਤ ਸਿੰਘ ਸੁਰਸਿੰਘ ਤੇ ਸ. ਕੁਲਦੀਪ ਸਿੰਘ ਪੰਡੋਰੀ ਆਦਿ ਹਾਜ਼ਰ ਸਨ।