- ਕਾਲਜ਼ ਵਿੱਚ ਸਰਵ ਭਾਰਤੀ ਤਕਨੀਕੀ ਸਿੱਖਿਆ ਕੌਂਸਲ, ਨਵੀਂ ਦਿੱਲੀ ਵੱਲੋਂ ਦੋ ਨਵੇਂ ਕੋਰਸਾਂ ਨੂੰ ਦਿੱਤੀ ਗਈ ਪ੍ਰਵਾਨਗੀ
ਫ਼ਤਹਿਗੜ੍ਹ ਸਾਹਿਬ, 05 ਅਗਸਤ 2024 : ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਰਕਾਰੀ ਬਹੁ ਤਕਨੀਕੀ ਕਾਲਜ਼, ਰਾਣਵਾਂ ਵਿਖੇ ਸਰਵ ਭਾਰਤੀ ਤਕਨੀਕੀ ਸਿੱਖਿਆ ਕੌਂਸਲ, ਨਵੀਂ ਦਿੱਲੀ ਵੱਲੋਂ ਦੋ ਨਵੇਂ ਤਿੰਨ ਸਾਲਾ ਡਿਪਲੋਮਾ ਕੋਰਸ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਅਤੇ ਇਲੈਕਟ੍ਰੀਕਲ ਇੰਜੀਨੀਅਰ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ, ਜਦੋਂ ਕਿ ਦੋ ਡਿਪਲੋਮਾ ਕੋਰਸ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀ: ਅਤੇ ਮਕੈਨੀਕਲ ਇੰਜੀ: ਪਹਿਲਾ ਹੀ ਚੱਲ ਰਹੇ ਹਨ।। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਇਹ ਕਾਲਜ਼ ਜਿਲ੍ਹੇ ਦਾ ਇੱਕੋ ਇੱਕ ਸਰਕਾਰੀ ਬਹੁਤਕਨੀਕੀ ਕਾਲਜ ਹੈ ਅਤੇ ਇਸ ਵਿੱਚ ਮੁੱਖ ਮੰਤਰੀ ਵਜੀਫਾ ਯੋਜਨਾ ਲਾਗੂ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਦਸਵੀਂ ਦੀ ਮੈਰਿਟ ਦੇ ਆਧਾਰ 'ਤੇ ਹਰ ਵਰਗ ਦੇ ਵਿਦਿਆਰਥੀਆਂ ਨੂੰ ਟਿਊਸ਼ਨ ਫੀਸ ਵਿਚ 70 ਤੋਂ 100 ਪ੍ਰਤੀਸ਼ਤ ਦੀ ਛੋਟ ਮਿਲਦੀ ਹੈ। ਉਹਨਾਂ ਸਾਰੇ ਵਿਦਿਆਰਥੀਆਂ ਨੂੰ ਇਸ ਯੋਜਨਾ ਦਾ ਭਰਪੂਰ ਫਾਇਦਾ ਲੈ ਕੇ ਕਿੱਤਾ ਮੁਖੀ ਕੋਰਸ ਚੁਨਣ ਲਈ ਕਿਹਾ। ਸ਼੍ਰੀਮਤੀ ਸ਼ੇਰਗਿੱਲ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ( ਜਿੰਨ੍ਹਾਂ ਦੇ ਮਾਪਿਆਂ ਦੀ ਸਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ) ਲਈ ਪੂਰੀ ਫੀਸ ਮੁਆਫ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵਿਖੇ ਉਪਰੋਕਤ ਚਾਰ ਡਿਪਲੋਮਾ ਕੋਰਸਾਂ ਦੇ ਦਾਖਲੇ ਸ਼ੁਰੂ ਹਨ ਅਤੇ ਇਹ ਪੂਰਾ ਅਗਸਤ ਮਹੀਨਾ ਚੱਲਦੇ ਰਹਿਣਗੇ। ਵਿਦਿਆਰਥੀ ਦਾਖਲੇ ਲਈ ਸੰਸਥਾ ਵਿਚ ਸੰਪਰਕ ਕਰ ਸਕਦੇ ਹਨ।