ਤਰਨਤਾਰਨ ਦੇ ਦੋ ਨੌਜਵਾਨਾਂ ਤੇ ਕੈਨੇਡਾ ‘ਚ ਗੋਲੀਆਂ ਨਾਲ ਹਮਲਾ, ਇੱਕ ਦੀ ਮੌਤ

ਤਰਨਤਾਰਨ, 06 ਦਸੰਬਰ 2024 : ਕੈਨੇਡਾ ਦੇ ਬਰੈਂਪਟਨ ਵਿੱਚ ਦੋ ਭਰਾਵਾਂ ਤੇ ਕਾਰ ਸਵਾਰਾਂ ਨੇ ਗੋਲੀਆਂ ਚਲਾ ਕੇ ਇੱਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਇਸ ਹਮਲੇ ‘ਚ ਦੂਜਾ ਭਰਾ ਗੰਭੀਰ ਰੂਪ ਵਿੱਚ ਹੋ ਗਿਆ। ਦੋਵੇਂ ਨੌਜਵਾਨ ਪੰਜਾਬ ਦੇ ਜਿਲ੍ਹਾ ਤਰਨਤਾਰਨ ਨਾਲ ਸਬੰਧਿਤ ਹਨ। ਮ੍ਰਿਤਕ ਨੌਜਵਾਨ ਪ੍ਰਿਤਪਾਲ ਸਿੰਘ ਤਕਰੀਬਨ 7 ਮਹੀਨੇ ਪਹਿਲਾਂ ਹੀ ਆਪਣੇ ਵੱਡੇ ਭਰਾ ਖੁਸ਼ਵੰਤਪਾਲ ਸਿੰਘ ਕੋਲ ਕੈਨੇਡਾ ਪੁੱਜਿਆ ਸੀ।ਇਸ ਘਟਨਾਂ ਸਬੰਧੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਨੌਜਵਾਨਾਂ ਦੇ ਪਿਤਾ ਕਿਸਾਨ ਸਰਬਜੀਤ ਸਿੰਘ ਵਾਸੀ ਪਿੰਡ ਨੰਦਪੁਰ ਨੇ ਦੁਖੀ ਮਨ ਨਾਲ ਦੱਸਿਆ ਕਿ ਉਸਦੇ ਦੋ ਪੁੱਤਰ ਕੈਨੇਡਾ ਦੇ ਬਰੈਂਪਟਨ ਵਿੱਚ ਸਨ, ਜਿੰਨ੍ਹਾਂ ਤੇ ਕੁੱਝ ਲੋਕਾਂ ਵੱਲੋਂ ਗੋਲੀਆਂ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਪ੍ਰਿਤਪਾਲ ਸਿੰਘ ਜੋ 7 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਦੀ ਮੌਤ ਹੋ ਗਈ ਹੈ। ਜਦੋਂ ਕਿ ਖੁਸ਼ਵੰਤਪਾਲ ਸਿੰਘ ਜਖ਼ਮੀ ਹੈ। ਜਿਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੇ ਦੋਸਤ ਨੇ ਦੱਸਿਆ ਜਦੋੰਂ ਦੋਵੇਂ ਭਰਾ ਆਪਣੀ ਕਾਰ ਤੋਂ ਸਵੇਰ ਸਮੇਂ ਬਰਫ ਸਾਫ ਕਰ ਰਹੇ ਸਨ ਤਾਂ ਉਨ੍ਹਾਂ ਦੇ ਕਿਸੇ ਨੇ ਹਮਲਾ ਕਰ ਦਿੱਤਾ।