
ਪੱਟੀ, 16 ਦਸੰਬਰ 2024 : ਪੱਟੀ ‘ਚ ਬੀਤੀ ਰਾਤ ਦੋ ਵਿਅਕਤੀਆਂ ਦਾ ਕਤਲ ਕਰ ਦਿੱਤੇ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸਭਰਾ ਦੇ ਦੋ ਵਿਅਕਤੀ ਆਪਣੀ ਮਜ਼ਦੂਰੀ ਕਰਨ ਤੋਂ ਬਾਅਦ ਜਦੋਂ ਵਾਪਸ ਪੱਟੀ ਆ ਰਹੇ ਸਨ ਤਾਂ ਉਨ੍ਹਾਂ ਤੇ ਕਿਸੇ ਨੇ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਹੈ। ਇਸ ਘਟਨਾਂ ਸਬੰਧੀ ਪੱਟੀ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਡੀ ਨਾਮਕ ਵਿਅਕਤੀ ਨੇ ਦੱਸਿਆ ਕਿ ਉਹ ਪਿੰਡ ਸਭਰਾ ਵਿਖੇ 6-7 ਵਿਅਕਤੀਆਂ ਨਾਲ ਲੈਂਟਰ ਦਾ ਜਾਲ ਬੰਨਣ ਗਏ ਸੀ, ਜਦੋਂ ਉਹ ਤਕਰੀਬਨ 6:30 ਵਜੇ ਆਪਣਾ ਕੰਮ ਖਤਮ ਕਰਕੇ ਵਾਪਸ ਆਏ ਤਾਂ ਉਕਤ ਦੋਵੇਂ ਵਿਅਕਤੀ ਉਨ੍ਹਾਂ ਤੋਂ ਪਹਿਲਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਅੱਗੇ ਨਿਕਲ ਗਏ, ਜਦੋਂ ਉਹ ਦੂਨ ਸਕੂਲ ਨੇੜੇ ਪੁੱਜੇ ਤਾਂ ਦੋਵੇਂ ਵਿਅਕਤੀ ਡਿੱਗੇ ਦਿਖਾਈ ਦਿੱਤੇ, ਜਦੋਂ ਉਨ੍ਹਾਂ ਨੇ ਨੇੜੇ ਜਾ ਕੇ ਦੇਖਿਆ ਤਾਂ ਗੁਰਦਿਆਲ ਸਿੰਘ ਮ੍ਰਿਤਕ ਹਾਲਤ ਵਿੱਚ ਸੀ ਤੇ ਦੂਸਰਾ ਗੁਲਜਾਰ ਸਿੰਘ ਜਖ਼ਮੀ ਸੀ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਪੱਟੀ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇੁ ਡਾਕਟਰਾਂ ਨੇ ਉਸਦੀ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਲਈ ਰੈਫਰ ਕਰਦਿੱਤਾ ਗਿਆ।ਪਰ ਉਹ ਵੀ ਰਸਤੇ ਵਿੱਚ ਦਮਤੋੜ ਗਿਆ। ਲਾਡੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇੰਨ੍ਹਾਂ ਦੋਵਾਂ ਤੋਂ ਲੁਟੇਰਿਆਂ ਨੇ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਹੋਣੀ ਤੇ ਵਿਰੋਧ ਕਰਨ ਤੋਂ ਬਾਅਦ ਉਨ੍ਹਾਂ ਨੇ ਇੰਨ੍ਹਾਂ ਦੇ ਹਮਲਾ ਕਰਦਿੱਤਾ। ਮ੍ਰਿਤਕ ਗੁਰਦਿਆਲ ਸਿੰਘ ਆਪਣੇ ਪਿੱਛੇ ਪਤਨੀ, ਦੋ ਲੜਕੀਆਂ, ਇਕ ਲੜਕਾ ਅਤੇ ਗੁਰਦਿਆਲ ਸਿੰਘ ਕੈਰੋਂ ਪਤਨੀ ਸਮਤੇ ਦੋ ਲੜਕੀਆਂ ਇੱਕ ਲੜਕਾ ਛੱਡ ਗਿਆ। ਇਸ ਮੌਕੇ ’ਤੇ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੇ ਪੁਲਿਸ ਪ੍ਰਸਾਸ਼ਨ ਪਾਸੋਂ ਮੰਗ ਕੀਤੀ ਕਿ ਲੁਟੇਰਿਆਂ ਨੂੰ ਕਾਬੂ ਕਰਕੇ ਸਾਨੂੰ ਇਨਸਾਫ਼ ਦਿਵਾਇਆ ਜਾਵੇ। ਥਾਣਾ ਮੁੱਖੀ ਪੱਟੀ ਹਰਜਿੰਦਰ ਸਿੰਘ ਦਾ ਕਹਿਣਾ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇਹਾਂ ਦਾ ਪੋਸਟਮਾਟਮ ਕਰਵਾ ਪਰਿਵਾਰਾਂ ਨੂੰ ਸੌਂਪੀਆਂ ਜਾਣਗੀਆਂ।