ਤਰਨਤਾਰਨ, 20 ਦਸੰਬਰ 2024 : ਤਰਨਤਾਰਨ ਪੁਲਿਸ ਨੇ ਅਬੋਹਰ ਦੇ ਰਹਿਣ ਵਾਲੇ 4 ਵਿਅਕਤੀ ਜੋ ਲਗਜ਼ਰੀ ਕਾਰ ਵਿਚ ਸਵਾਰ ਸਨ, ਨੂੰ ਦੋ ਕਿੱਲੋ ਹੈਰੋਇਨ ਬਰਾਮਦ ਕਰਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਸਰਹਾਲੀ ਇਲਾਕੇ ਵਿੱਚੋਂ ਗ੍ਰਿਫਤਾਰ ਕੀਤੇ ਗਏ ਚਾਰਾਂ ਮੁਲਜ਼ਮਾਂ ਖਿਲਾਫ ਥਾਣਾ ਸਰਹਾਲੀ ਵਿਖੇ ਐੱਨਡੀਪਐੱਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਇਨਵੈਸਟੀਗੇਸ਼ਨ ਅਜੇਰਾਜ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਨਸ਼ੇ ਵਿਰੁੱਧ ਮੁਹਿੰਮ ਛੇੜੀ ਗਈ ਹੈ। ਜਿਸਦੇ ਤਹਿਤ ਹੀ ਥਾਣਾ ਸਰਹਾਲ ਦੇ ਮੁਖੀ ਸਬ ਇੰਸਪੈਕਟਰ ਅਮਰੀਕ ਸਿੰਘ ਵੱਲੋਂ ਤਾਇਨਾਤ ਕੀਤੀ ਗਈ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਮਰੂਤੀ ਸਿਆਜ਼ ਕਾਰ ਨੰਬਰ ਡੀਐੱਲ4 ਸੀਏਐੱਚ 9797, ਜਿਸ ਵਿਚ ਚਾਰ ਨੌਜਵਾਨ ਸਵਾਰ ਸਨ। ਉਕਤ ਕਾਰ ਨੂੰ ਸ਼ੱਕ ਦੇ ਅਧਾਰ ’ਤੇ ਰੋਕਿਆ ਤਾਂ ਉਕਤ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਨੇ ਘੇਰਾ ਪਾ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਉਕਤ ਲੋਕਾਂ ਨੇ ਆਪਣੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਸੁਖਮਿੰਦਰ ਸਿੰਘ, ਟਿੰਕੂ ਸਿੰਘ ਪੁੱਤਰ ਗੋਪਾਲ ਸਿੰਘ,ਰਮਨ ਸਿੰਘ ਰਵੀ ਪੁੱਤਰ ਬਲਦੇਵ ਸਿੰਘ ਅਤੇ ਖੁਸ਼ਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਸਾਰੇ ਵਾਸੀ ਅਬੋਹਰ ਵਜੋਂ ਕਰਵਾਈ। ਉਕਤ ਨੌਜਵਾਨਾਂ ਦੀ ਡੀਐੱਸਪੀ ਸਬ ਡਵੀਜ਼ਨ ਪੱਟੀ ਗੁਰਕ੍ਰਿਪਾਲ ਸਿੰਘ ਦੀ ਹਾਜ਼ਰੀ ਵਿਚ ਤਲਾਸ਼ੀ ਲਈ ਗਈ ਤਾਂ ਚਾਰਾਂ ਕੋਲੋਂ ਅੱਧਾ ਅੱਧਾ ਕਿੱਲੋ, ਕੁੱਲ ਦੋ ਕਿੱਲੋ ਹੈਰੋਇਨ ਬਰਾਮਦ ਹੋਈ। ਜਿਸਦੇ ਚੱਲਦਿਆਂ ਚਾਰਾਂ ਨੂੰ ਹੈਰੋਇਨ ਤੇ ਕਾਰ ਸਣੇ ਹਿਰਾਸਤ ਵਿਚ ਲੈ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ। ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।