- ਲੋੜਵੰਦਾਂ ਦੀ ਬਾਂਹ ਫੜ੍ਹਨਾ ਹੀ ਰੈਡ ਕਰਾਸ ਦਾ ਮੁੱਖ ਕੰਮ –ਡਿਪਟੀ ਕਮਿਸ਼ਨਰ
ਅੰਮ੍ਰਿਤਸਰ 25 ਜੂਨ 2024 : ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਜੋ ਕਿ ਜਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਪ੍ਰਧਾਨ ਵੀ ਹਨ ਦੀ ਅਗਵਾਈ ਹੇਠ ਅੱਜ ਰੈਡ ਕਰਾਸ ਨੇ ਬੀਤੀ ਦਿਨੀ ਮੀਰਾਂਕੋਟ ਚੌਂਕ ਵਿੱਚ ਅੱਗ ਲੱਗਣ ਕਾਰਨ ਸੜ੍ਹ ਗਏ 6 ਖੋਖਿਆਂ ਦੇ ਮਾਲਕਾਂ ਨੂੰ 10-10ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈਕ ਦਿੱਤੇ। ਇਸ ਮੌਕੇ ਸ੍ਰੀ ਘਨਸ਼ਾਮ ਥੋਰੀ ਨੇ ਪੀੜ੍ਹਤ ਪਰਿਵਾਰਾਂ ਦੇ ਮੁਖੀਆਂ ਜਿਨਾਂ ਵਿੱਚ ਸ੍ਰੀਮਤੀ ਸੁਨੀਤਾ ਦੇਵੀ, ਸ੍ਰੀ ਸਾਜਨ ਰਾਏ, ਸ੍ਰੀਮਤੀ ਮੁੰਨਾ ਦੇਵੀ, ਸ੍ਰੀ ਕਿਸ਼ਨ ਵਿਸਵਾਸ਼, ਸ੍ਰੀ ਨੰਨੇ ਲਾਲ ਅਤੇ ਸ੍ਰੀਮਤੀ ਰਸ਼ਿਦਾ ਖਾਤੂਨ ਸ਼ਾਮਿਲ ਸੀ ਨੂੰ ਇਹ ਚੈਕ ਸੌਂਪੇ। ਉਨਾਂ ਇਸ ਮੌਕੇ ਹੋਈ ਘਟਨਾ ਲਈ ਅਫਸੋਸ ਜਾਹਿਰ ਕਰਦੇ ਕਿਹਾ ਕਿ ਰੈਡ ਕਰਾਸ ਨੇ ਹਮੇਸ਼ਾਂ ਲੋੜਵੰਦਾਂ ਦੀ ਬਾਂਹ ਫੜ੍ਹੀ ਹੈ ਅਤੇ ਅੱਜ ਵੀ ਅੰਮ੍ਰਿਤਸਰ ਦੇ ਦਾਨੀ ਸਜਨਾਂ ਦੇ ਸਹਿਯੋਗ ਨਾਲ ਮੈਨੂੰ ਇਨਾਂ ਪੀੜ੍ਹਤ ਪਰਿਵਾਰਾਂ ਦੀ ਸਹਾਇਤਾ ਕਰਕੇ ਅਥਾਹ ਸੁਕੂਨ ਮਿਲਿਆ ਹੈ। ਉਨਾਂ ਦੱਸਿਆ ਕਿ ਇਨਾਂ ਪਰਿਵਾਰਾਂ ਦੇ ਮੁਖੀ ਮੀਰਾਂਕੋਟ ਚੌਂਕ ਵਿੱਚ ਵੱਖ-ਵੱਖ ਤਰ੍ਹਾਂ ਦੇ ਖੋਖੇ ਲਗਾ ਕੇ ਆਪਣਾ ਪਰਿਵਾਰ ਪਾਲ ਰਹੇ ਸਨ ਕਿ 13 ਜੂਨ ਦੀ ਰਾਤ ਨੂੰ ਅੱਗ ਲੱਗਣ ਕਾਰਨ 6 ਖੋਖੇ ਪੂਰੀ ਤਰ੍ਹਾਂ ਸੜ੍ਹ ਗਏ। ਉਨਾਂ ਦੱਸਿਆ ਕਿ ਰੈਡ ਕਰਾਸ ਨੇ ਆਪਣੀ ਜਾਂਚ ਵਿੱਚ ਮਹਿਸੂਸ ਕੀਤਾ ਕਿ ਇਨਾਂ ਪਰਿਵਾਰਾਂ ਦੀ ਰੋਜੀ-ਰੋਟੀ ਦਾ ਸਾਧਨ ਇਹ ਖੋਖੇ ਹੀ ਸਨ। ਜਾਂਚ ਦੌਰਾਨ ਪਤਾ ਲਗਾ ਕਿ ਇਕ ਖੋਖੇ ਉਤੇ 10 ਤੋਂ 15 ਹਜ਼ਾਰ ਰੁਪਏ ਖਰਚ ਹੋਇਆ ਸੀ ਸੋ ਰੈਡ ਕਰਾਸ ਨੇ ਇਨਾਂ 6 ਲੋਕਾਂ ਨੂੰ ਮੁਆਵਜਾ ਦੇ ਕੇ ਅਗਾਂਹ ਕੰਮ ਕਰ ਸਕਣ ਲਈ ਸਹਾਇਤਾ ਕੀਤੀ ਹੈ। ਇਸ ਮੌਕੇ ਸੈਕਟਰੀ ਰੈਡ ਕਰਾਸ ਸ੍ਰੀ ਸੈਮਸਨ ਮਸੀਹ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਅਖਬਾਰ ਵਿੱਚ ਲੱਗੀ ਖ਼ਬਰ ਪੜ੍ਹ ਕੇ ਸਾਨੂੰ ਇਸ ਕੇਸ ਦੀ ਜਾਂਚ ਲਈ ਡਿਊਟੀ ਲਗਾਈ ਸੀ। ਜਿਥੋਂ ਸੱਚ ਪਤਾ ਲੱਗਣ ਉੱਤੇ ਅਸੀਂ ਡਿਪਟੀ ਕਮਿਸ਼ਨਰ ਨੂੰ ਸਾਰੀ ਜਾਣਕਾਰੀ ਦਿੱਤੀ ਤਾਂ ਉਨਾਂ ਨੇ ਤੁਰੰਤ ਰੈਡ ਕਰਾਸ ਵਲੋਂ ਮੁਆਵਜਾ ਦੇਣ ਦੀ ਹਦਾਇਤ ਕਰ ਦਿੱਤੀ।