ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਨੂੰ ਸਰਵੋਤਮ ਸਿੱਖਿਆ ਮਿਆਰਾਂ ਮੁਤਾਬਕ ਕੀਤਾ ਅੱਪਗ੍ਰੇਡ- ਵਿਧਾਇਕ ਸ਼ੈਰੀ ਕਲਸੀ

  • ਵਿਧਾਇਕ ਸ਼ੈਰੀ ਕਲਸੀ ਵੱਖ-ਵੱਖ ਸਰਕਾਰੀ ਸਕੂਲਾਂ ’ਚ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ

ਬਟਾਲਾ, 15 ਅਪ੍ਰੈਲ 2025 : ਪੰਜਾਬ ਸਰਕਾਰ ਵੱਲੋਂ “ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ”ਪ੍ਰੋਗਰਾਮ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਕਈ ਤਰ੍ਹਾਂ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਇਸ ਕੜੀ ਤਹਿਤ ਬਟਾਲਾ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਨੂੰ ਸਰਵੋਤਮ ਵਿਦਿਅਕ ਮਿਆਰਾਂ ਦੇ ਹਾਣੀ ਬਣਾਉਣ ਲਈ ਕਲਾਸਰੂਮ, ਬੁਨਿਆਦੀ ਢਾਂਚਾ ਅਤੇ ਡਿਜੀਟਲ ਸਿਖਲਾਈ ਸਹੂਲਤਾਂ ਦਾ ਆਧੁਨਿਕੀਕਰਨ ਕੀਤਾ ਗਿਆ ਹੈ। ਇਹ ਪ੍ਰਗਟਾਵਾ ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਮੌਕੇ ਕੀਤਾ। ਵਿਧਾਇਕ ਸ਼ੈਰੀ ਕਲਸੀ ਨਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਲੋਹਚੱਪ ਵਿਖੇ 4 ਲੱਖ 16 ਹਜ਼ਾਰ ਰੁਪਏ, ਚੀਮਾ ਭਿੱਟੇਵਿੰਡ ਵਿਖੇ 7 ਲੱਖ 94 ਹਜ਼ਾਰ ਰੁਪਏ ਅਤੇ ਕੋਟਲਾ ਮੂਸਾ ਵਿਖੇ 1ਲੱਖ 38 ਹਜ਼ਾਰ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਸਰਕਾਰੀ ਸਕੂਲਾਂ ਨੂੰ ਵਾਈ-ਫਾਈ ਇੰਟਰਨੈੱਟ ਕੁਨੈਕਸ਼ਨ, ਫਰਨੀਚਰ, ਪੀਣ ਵਾਲਾ ਸਾਫ਼ ਪਾਣੀ, ਲੜਕੀਆਂ ਅਤੇ ਲੜਕਿਆਂ ਲਈ ਵੱਖਰੇ ਪਖਾਨੇ ਸਮੇਤ ਸਾਰੀਆਂ ਜ਼ਰੂਰੀ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ‘ਸਿੱਖਿਆ ਕ੍ਰਾਂਤੀ ਪ੍ਰੋਗਰਾਮ’ ਤਹਿਤ ਵਿਦਿਆਰਥੀਆਂ ਦੀ ਸੁਰੱਖਿਆ ਵਿੱਚ ਵਾਧਾ ਕਰਦਿਆਂ ਜ਼ਿਲ੍ਹੇ ਦੇ ਸਕੂਲਾਂ ਵਿੱਚ ਚਾਰਦੀਵਾਰੀ ਦੀ ਉਸਾਰੀ ਕੀਤੀ ਗਈ ਹੈ ਜਾਂ ਮੁਰੰਮਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਨਵੇਂ ਕਲਾਸਰੂਮ ਬਣਾਏ ਗਏ ਹਨ, ਜਦਕਿ ਸਵੱਛਤਾ ਸਬੰਧੀ ਸੁਵਿਧਾਵਾਂ ਵਿੱਚ ਸੁਧਾਰ ਕਰਦਿਆਂ ਸਕੂਲਾਂ ਵਿੱਚ ਨਵੇਂ ਪਖਾਨੇ ਅਤੇ ਪੁਰਾਣਿਆਂ ਦੀ ਮੁਰੰਮਤ ਕੀਤੀ ਗਈ ਹੈ। ਇਸ ਮੌਕੇ ਹਾਜ਼ਰ ਵਿਦਿਆਰਥੀਆਂ ਦੇ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਕੀਤੇ ਇਨ੍ਹਾਂ ਸੁਧਾਰਾਂ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀਮਤੀ ਪਰਮਜੀਤ ਕੋਰ, ਜ਼ਿਲ੍ਹਾ ਸਿੱਖਿਆ ਅਫਸਰ (ਐ), ਅਨਿਲ ਸ਼ਰਮਾ ਡਿਪਟੀ ਡੀਈਓ (ਐ), ਨਵਦੀਪ ਸਿੰਘ ਪਨੇਸਰ, ਗਗਨਦੀਪ ਸਿੰਘ, ਗਗਨਜੀਤ ਸਿੰਘ, ਮਨਦੀਪ ਸਿੰਘ, ਅਵਤਾਰ ਸਿੰਘ ਕਲਸੀ ਤੇ ਮਨਜੀਤ ਸਿੰਘ ਬਮਰਾਹ ਸਮੇਤ ਸਕੂਲਾਂ ਦਾ ਸਟਾਫ ਮੌਜੂਦ ਸੀ।