
ਅੰਮ੍ਰਿਤਸਰ, 15 ਦਸੰਬਰ 2024 : ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਵੱਡਾ ਐਕਸ਼ਨ ਅੱਜ ਉਸ ਵੇਲੇ ਵੇਖਣ ਨੂੰ ਮਿਲਿਆ, ਜਦੋਂ ਪੁਲਿਸ ਦੇ ਵਲੋਂ 8 ਸ਼ੱਕੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਅਸਲਾ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਜਾਣਕਾਰੀ ਮੁਤਾਬਿਕ ਖੁਫੀਆ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਸਫਲ ਆਪ੍ਰੇਸ਼ਨ ਦੌਰਾਨ, ਯੂ.ਕੇ ਅਧਾਰਤ ਹੈਂਡਲਰ ਧਰਮਾ ਸੰਧੂ ਨਾਲ ਜੁੜੇ 8 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਕਾਰਵਾਈ ਦੌਰਾਨ 4.5 ਕਿਲੋਗ੍ਰਾਮ ਹੈਰੋਇਨ, 2 ਗਲੋਕ ਪਿਸਤੌਲ (9 ਐਮ.ਐਮ.), 2 ਪਿਸਤੌਲ (30 ਬੋਰ), 1 ਪਿਸਤੌਲ (32 ਬੋਰ), 1 ਜ਼ਿਗਾਨਾ ਪਿਸਤੌਲ (30 ਬੋਰ), 16 ਜਿੰਦਾ ਕਾਰਤੂਸ, 1.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਐੱਨ.ਡੀ.ਪੀ.ਐੱਸ. ਅਤੇ ਆਰਮਜ਼ ਐਕਟ ਅਧੀਨ ਐੱਫ.ਆਈ.ਆਰ. ਪੁਲਿਸ ਥਾਣਾ ਘਰਿੰਡਾ, ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ, ਪਿਛਲੇ ਅਤੇ ਅਗਲੇ ਸਬੰਧ ਸਥਾਪਤ ਕਰਨ ਦੀ ਜਾਂਚ ਜਾਰੀ ਹੈ।