ਪੀਏਯੂ, ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਵੱਲੋਂ ਪੰਜਾਬ ਨੌਜਵਾਨ ਕਿਸਾਨ ਸੰਸਥਾ ਦੀ ਮੀਟਿੰਗ ਆਯੋਜਿਤ

ਤਰਨ ਤਾਰਨ 18 ਦਸੰਬਰ 2024 : ਪੰਜਾਬ ਨੌਜਵਾਨ ਕਿਸਾਨ ਸੰਸਥਾ ਦੇ ਮੈਂਬਰਾਂ ਦੀ ਮੀਟਿੰਗ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਵਿਖੇ ਕਰਵਾਈ ਗਈ ਜਿਸ ਵਿਚ 80 ਤੋਂ ਵੱਧ ਮੈਂਬਰਾਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਨਵੀਆਂ ਖੋਜਾਂ ਨੂੰ ਜ਼ਿਲ੍ਹੇ ਦੇ ਹੋਰ ਕਿਸਾਨਾਂ ਤੱਕ ਪਹੁੰਚਾਉਣ ਲਈ ਨੌਜਵਾਨ ਕਿਸਾਨ ਮੈਂਬਰਾਂ ਦੀ ਸਰਗਰਮ ਭੂਮੀਕਾ ਅਤੇ ਮੌਜੂਦਾ ਹਾੜ੍ਹੀ ਦੀਆਂ ਫਸਲਾਂ ਅਤੇ ਸਿਆਲਾਂ ਵਾਲੀਆਂ ਸਬਜ਼ੀਆਂ ਵਿੱਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਡਾ. ਪਰਵਿੰਦਰ ਸਿੰਘ, ਇੰਚਾਰਜ ਨੇ ਪੀਏਯੂ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਉਣ ਅਤੇ ਇਹਨਾਂ ਦਾ ਪ੍ਰਸਾਰ ਕਰਨ ਵਿੱਚ ਪੀ ਐਨ ਕੇ ਐਸ ਮੈਂਬਰਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵੱਧ ਝਾੜ ਅਤੇ ਵਧੇਰੀ ਆਮਦਨ ਲਈ ਸਰਦੀਆਂ ਦੀਆਂ ਸਬਜ਼ੀਆਂ ਦੀ ਚੰਗੀ ਦੇਖਭਾਲ ਅਤੇ ਗਰਮੀਆਂ ਦੀਆਂ ਸਬਜ਼ੀਆਂ ਦੀ ਅਗੇਤੀ ਕਾਸ਼ਤ ਬਾਰੇ ਨੁਕਤੇ ਸਾਂਝੇ ਕੀਤੇ। ਡਾ. ਪ੍ਰਭਜੀਤ ਸਿੰਘ, ਡਿਪਟੀ ਡਾਇਰੈਕਟਰ (ਸਿਖਲਾਈ), ਕੇ.ਵੀ.ਕੇ., ਬੂਹ, ਤਰਨ ਤਾਰਨ ਨੇ ਕਿਸਾਨਾਂ ਨੂੰ ਡੇਅਰੀ, ਪੋਲਟਰੀ, ਬੱਕਰੀ ਅਤੇ ਸੂਰ ਪਾਲਣ ਸਬੰਧੀ ਸਿਖਲਾਈ ਲੈਣ ਲਈ ਕੇ.ਵੀ.ਕੇ. ਦੇ ਵਿਗਿਆਨੀਆਂ ਨਾਲ ਜੁੜਨ ਲਈ ਕਿਹਾ। ਡਾ: ਵਿਵੇਕ ਸ਼ਰਮਾ, ਭੂਮੀ ਵਿਗਿਆਨੀ ਨੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਲਘੂ ਤੱਤਾਂ ਦੀ ਅਹਿਮਿਅਤ ਬਾਰੇ ਦੱਸਿਆ। ਡਾ. ਪਰਮਿੰਦਰ ਕੌਰ ਨੇ ਹਾੜੀ ਦੀਆਂ ਫ਼ਸਲਾਂ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ। ਡਾ: ਪਰਮਿੰਦਰ ਸਿੰਘ ਸੰਧੂ ਨੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਨਦੀਨ ਪ੍ਰਬੰਧ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਖਾਦਾਂ ਦੀ ਸਹੀ ਵਰਤੋਂ ਕਰਨ ਤੇ ਜ਼ੋਰ ਦਿੱਤਾ। ਇਸ ਦੌਰਾਨ ਸ. ਜਰਮਨਜੀਤ ਸਿੰਘ, ਸ. ਕਰਮਜੀਤ ਸਿੰਘ, ਸ. ਸੁਖਪ੍ਰੀਤ ਸਿੰਘ ਆਦਿ ਕਿਸਾਨਾਂ ਨੇ ਖੇਤੀ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਵਿਗਿਆਨੀਆਂ ਨੂੰ ਜਾਣੂ ਕਰਵਾਇਆ।