
ਬਟਾਲਾ,13 ਜਨਵਰੀ 2025 : ਹਰੇਕ ਸਾਲ 12 ਜਨਵਰੀ ਤੋਂ 19 ਜਨਵਰੀ ਤੱਕ ਦੇਸ਼ ਭਰ ਵਿੱਚ ਮਨਾਏ ਜਾਂਦੇ ਕੌਮੀ ਯੁਵਾ ਸਪਤਾਹ ਦੇ ਤਹਿਤ ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਵਿਖੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਅਗਵਾਈ ਵਿੱਚ ਐਨ.ਐਸ.ਐਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਵੱਲੋਂ ਪ੍ਰੋਗਰਾਮ ਅਫਸਰ ਤੇਜ ਪ੍ਰਤਾਪ ਸਿੰਘ ਕਾਹਲੋਂ ਦੀ ਦੇਖ ਰੇਖ ਹੇਠ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ। ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਦੇ ਸਹਾਇਕ ਡਾਇਰੈਕਟਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋਏ ਇਸ ਸਮਾਰੋਹ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਸ. ਦਵਿੰਦਰ ਸਿੰਘ ਭੱਟੀ ਅਤੇ ਵੱਖ-ਵੱਖ ਵਿਭਾਗੀ ਇੰਚਾਰਜਾਂ ਵੱਲੋਂ ਸਮਾਂ ਰੋਸ਼ਨ ਕਰਕੇ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਸ. ਭੱਟੀ ਨੇ ਨੌਜਵਾਨਾਂ ਨੂੰ ਨਸ਼ੇ ਅਤੇ ਹੋਰ ਸਮਾਜਿਕ ਕਰੀਤੀਆਂ ਵਿਰੋਧ ਕਰਦੇ ਹੋਏ ਸਮਾਜ ਦੀ ਭਲਾਈ ਲਈ ਕਾਰਜਸ਼ੀਲ ਹੋਣ ਦਾ ਪ੍ਰਣ ਦਿਵਾਇਆ। ਉਨਾਂ ਆਪਣੇ ਸੰਬੋਧਨ ਰਾਹੀਂ ਕਿਹਾ ਕਿ ਨੌਜਵਾਨ ਦੇਸ਼ ਅਤੇ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ ਇਸ ਲਈ ਨੌਜਵਾਨ ਵਰਗ ਨੂੰ ਸਹੀ ਦਿਸ਼ਾ ਦਿਖਾ ਕੇ ਉਨਾਂ ਨੂੰ ਨਸ਼ੇ ਅਤੇ ਸਮਾਜਿਕ ਕੁਰੀਤੀਆਂ ਤੋਂ ਬਚਾ ਕੇ ਦੇਸ਼ ਦੀ ਉਨਤੀ ਅਤੇ ਉਨਾਂ ਦੀ ਭਲਾਈ ਲਈ ਪ੍ਰੇਰਿਤ ਕਰਨਾ ਬਹੁਤ ਜਰੂਰੀ ਹੈ। ਇਸ ਮੌਕੇ ਸਿਵਲ ਵਿਭਾਗ ਦੇ ਇੰਚਾਰਜ ਸ਼ਿਵਰਾਜਨ ਪੁਰੀ ਨੇ ਆਪਣੇ ਸੰਬੋਧਨ ਰਾਹੀਂ ਸੁਆਮੀ ਵਿਵੇਵਕਾਨੰਦ ਜੀ ਦੀ ਜੀਵਨ ਉੱਤੇ ਚਾਨਣਾ ਪਾਉਂਦਿਆਂ ਹੋਇਆਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਨੌਜਵਾਨਾਂ ਨੂੰ ਜਾਗਰੂਕ ਕੀਤਾ। ਇਲੈਕਟ੍ਰਿਕਲ ਵਿਭਾਗ ਦੇ ਇੰਚਾਰਜ ਵਿਜੇ ਮਿਨਹਾਸ ਤੇ ਅਤੇ ਸੁਪਰਡੰਟ ਹਰਪਾਲ ਸਿੰਘ ਭਾਂਮੜੀ ਨੇ ਆਪਣੇ ਸੰਬੋਧਨ ਰਾਹੀਂ ਨੌਜਵਾਨਾਂ ਨੂੰ ਆਪਣੇ ਕਾਲਜ, ਪਿੰਡ, ਮਾਪਿਆਂ ਅਤੇ ਦੇਸ਼ ਦਾ ਨਾਂ ਚਮਕਾਉਣ ਲਈ ਪ੍ਰੇਰਤ ਕਰਦਿਆਂ ਹੋਇਆਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ। ਪਲੇਸਮੈਂਟ ਅਫਸਰ ਜਸਬੀਰ ਸਿੰਘ ਨੇ ਆਪਣੇ ਸੰਬੋਧਨ ਰਾਹੀਂ ਨੌਜਵਾਨਾਂ ਨੂੰ ਆਪਣੀ ਊਰਜਾ ਸਚਾਰੂ ਅਤੇ ਉਸਾਰੂ ਕਾਰਜਾਂ ਵਿੱਚ ਵੱਧ ਤੋਂ ਵੱਧ ਲਗਾਉਣ ਲਈ ਪ੍ਰੇਰਤ ਕਰਦਿਆਂ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਨੌਜਵਾਨਾਂ ਦਾ ਵੱਡਾ ਯੋਗਦਾਨ ਹੈ। ਸਮਾਗਮ ਦੇ ਅਖੀਰ ਵਿੱਚ ਪ੍ਰੋਗਰਾਮ ਅਫਸਰ ਤੇਜ ਪ੍ਰਤਾਪ ਸਿੰਘ ਕਾਹਲੋਂ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਪਣੇ ਵਿਦਿਆਰਥੀ ਕਾਲ ਵਿੱਚ ਵੱਡੀਆਂ ਕਠਿਨਾਈਆਂ ਅਤੇ ਕੁਰੀਤੀਆਂ ਦਾ ਸਾਹਮਣਾ ਕਰਕੇ ਸਾਚਾਰੂ ਅਤੇ ਉਸਾਰੂ ਕਾਰਜਾਂ ਵਿੱਚ ਲੱਗੇ ਨੌਜਵਾਨ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਹਾਰਦੇ ਸਗੋਂ ਦੂਸਰਿਆਂ ਲਈ ਹਮੇਸ਼ਾ ਪ੍ਰੇਰਨਾ ਦੇ ਸਰੋਤ ਬਣਦੇ ਹਨ। ਇਸ ਸਮਾਰੋਹ ਵਿੱਚ ਸਹਾਇਕ ਪ੍ਰੋਗਰਾਮ ਅਫਸਰ ਸਚਿਨ ਅਠਵਾਲ, ਰਜਨੀਤ ਕੌਰ ਮੱਲੀ ਤੇ ਸਤਵਿੰਦਰ ਕੌਰ ਆਦਿ ਤੋਂ ਇਲਾਵਾ ਵੱਡੀ ਤਦਾਦ ਵਿੱਚ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ। ਰਾਸ਼ਟਰੀ ਯੁਵਾ ਦਿਵਸ ਮੌਕੇ ਵਿਦਿਆਰਥੀਆਂ ਨੂੰ ਦੇਸ਼ ਅਤੇ ਸਮਾਜ ਦੀ ਸੇਵਾ ਲਈ ਸਮਰਪਿਤ ਹੋਣ ਦਾ ਪ੍ਰਣ ਦਵਾਉਂਦੇ ਹੋਏ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਅਤੇ ਹੋਰ ਸਟਾਫ ਮੈਂਬਰ।