- ਅਲੌਕਿਕ ਆਤਿਸ਼ਬਾਜ਼ੀ ਨਾਲ ਸ਼ਹਿਰ ਬਟਾਲਾ ਰੁਸ਼ਨਾਇਆ
ਬਟਾਲਾ, 10 ਸਤੰਬਰ 2024 : ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸਜੇ ਨਗਰ ਕੀਰਤਨ ਦਾ ਅੱਜ ਸਵੇਰੇ ਕਰੀਬ 4 ਵਜੇ ਬਟਾਲਾ ਸ਼ਹਿਰ ਵਿਖੇ ਪਹੁੰਚਣ 'ਤੇ ਵਿਧਾਇਕ ਸ਼ੈਰੀ ਕਲਸੀ ਵਲੋਂ ਸ਼ਾਨਦਾਰ ਤੇ ਨਿੱਘਾ ਸਵਾਗਤ ਕੀਤਾ ਗਿਆ। ਹੰਸਲੀ ਪੁਲ, ਜਲੰਧਰ ਰੋਡ ਤੇ ਕੀਤੀ ਅਲੋਕਿਕ ਤੇ ਖੂਬਸੂਰਤ ਆਤਿਸ਼ਬਾਜ਼ੀ ਨੇ ਬਟਾਲਾ ਸ਼ਹਿਰ ਨੂੰ ਰੁਸ਼ਨਾ ਦਿੱਤਾ ਤੇ ਸੰਗਤਾਂ ਵਿੱਚ ਉਤਸ਼ਾਹ ਵੇਖਣ ਨੂੰ ਬਣਦਾ ਸੀ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਵਲੋਂ ਗੁਰੂ ਜੀ ਦਾ ਆਸ਼ੀਰਵਾਦ ਲਿਆ ਗਿਆ ਤੇ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਲਈਆਂ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਅਸੀਂ ਵੱਡਭਾਗੇ ਹਾਂ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਵਿਖੇ ਵਿਆਹ ਪੁਰਬ ਸਮਾਗਮ ਮਨਾਉਣ ਦਾ ਸੁਭਾਗ ਮਿਲਿਆ ਹੈ। ਉਨ੍ਹਾਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਿਆਹ ਪੁਰਬ ਦੀ ਵਧਾਈ ਦਿੱਤੀ ਤੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਵਿਆਹ ਪੁਰਬ ਸਮਾਗਮ ਸਫਲਤਾਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਜਾਣਗੇ।