
- ਹੈਰੀਟੇਜ ਸ਼ੋਅ ਵਿੱਚ ਦਿਖਾਏ ਜਾਵੇਗੀ ਵਿਆਹਾਂ ਸੰਬੰਧੀ ਵਿਰਾਸਤ
- ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਜਾਣਗੇ ਪੰਜਾਬ ਟੂਰਿਜ਼ਮ ਐਵਾਰਡ
- ਪਾਈਟੈੱਕਸ ਵਿਚ ਪਹਿਲੀ ਵਾਰ ਆ ਰਹੀਆਂ ਨੇ ਰੇਂਜ ਰੋਵਰ, ਮਰਸਿਡੀਜ਼ ਅਤੇ ਬੀਐਮਡਬਲਯੂ ਕੰਪਨੀਆਂ
ਅੰਮ੍ਰਿਤਸਰ 4 ਦਸੰਬਰ 2024 : ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੁਆਰਾ ਆਯੋਜਿਤ ਕੀਤੇ ਜਾ ਰਹੇ 18ਵੇਂ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ ਵਿੱਚ ਇਸ ਵਾਰ ਦੇਸ਼ ਦੀਆਂ ਕਈ ਨਾਮੀ ਕੰਪਨੀਆਂ ਪਹਿਲੀ ਵਾਰ ਅੰਮ੍ਰਿਤਸਰ ਵਿੱਚ ਆ ਰਹੀਆਂ ਹਨ। ਪੰਜਾਬ ਵਾਸੀਆਂ ਦੀ ਮੰਗ 'ਤੇ ਇਸ ਵਾਰ ਪ੍ਰੋਗਰਾਮਾਂ ਵਿੱਚ ਕਈ ਤਰ੍ਹਾਂ ਦੇ ਬਦਲਾਅ ਕਰਦੇ ਹੋਏ ਸੈਰ ਸਪਾਟੇ ਨੂੰ ਵਧਾਉਣ ਦਾ ਯਤਨ ਕੀਤਾ ਗਿਆ ਹੈ। ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਡਿਪਟੀ ਸੈਕਟਰੀ ਜਨਰਲ ਨਵੀਨ ਸੇਠ, ਰੀਜ਼ਨਲ ਡਾਇਰੈਕਟਰ ਭਾਰਤੀ ਸੂਦ ਅਤੇ ਸਥਾਨਕ ਕਨਵੀਨਰ ਜੈਦੀਪ ਸਿੰਘ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜ ਦਸੰਬਰ ਨੂੰ ਪਾਈਟੈੱਕਸ ਦੇ ਪਹਿਲੇ ਦਿਨ ਐਮਐੱਸਐਮਈ ਕਾਨਕਲੇਵ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਅੰਮ੍ਰਿਤਸਰ ਅਤੇ ਆਸਪਾਸ ਦੇ ਉਦਯੋਗਪਤਿ ਸ਼ਾਮਲ ਹੋਣਗੇ। 6 ਦਸੰਬਰ ਨੂੰ 18ਵੇਂ ਪਾਈਟੈੱਕਸ ਦਾ ਰਸਮੀਂ ਉਦਘਾਟਨ ਪੰਜਾਬ ਦੇ ਉਦਯੋਗ ਅਤੇ ਸੈਰ ਸਪਾਟਾ ਮੰਤਰੀ ਤਰੂਣਪ੍ਰੀਤ ਸਿੰਘ ਸੋੰਦ ਵਲੋਂ ਕੀਤਾ ਜਾਵੇਗਾ। ਪ੍ਰੋਗਰਾਮ ਦੌਰਾਨ ਉਦਯੋਗ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਤੈਜ਼ਵੀਰ ਸਿੰਘ ਅਤੇ ਇਨਵੈਸਟ ਪੰਜਾਬ ਦੇ ਸੀਈਓ ਆਈਏਐਸ ਡੀਪੀਐੱਸ ਖਰਬੰਦਾ ਮੁੱਖ ਤੌਰ 'ਤੇ ਮੌਜੂਦ ਰਹਿਣਗੇ। ਨਵੀਨ ਸੇਠ ਨੇ ਦੱਸਿਆ ਕਿ ਪੰਜਾਬ ਸੈਰ ਸਪਾਟਾ ਦੇ ਖੇਤਰ ਵਿੱਚ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਹੈ। ਜਿਸ ਦੇ ਚਲਦੇ ਚੈਂਬਰ ਦੁਆਰਾ ਪਹਿਲੀ ਵਾਰ ਪੰਜਾਬ ਟੂਰਿਜ਼ਮ ਐਵਾਰਡ ਦਿੱਤੇ ਜਾਣਗੇ। ਇਸ ਪ੍ਰੋਗਰਾਮ ਵਿੱਚ ਵੀ ਪੰਜਾਬ ਦੇ ਸੈਰ ਸਪਾਟਾ ਮੰਤਰੀ ਤਰੂਣਪ੍ਰੀਤ ਸਿੰਘ ਸੋੰਦ ਅਤੇ ਆਈਏਐਸ ਮਲਵਿੰਦਰ ਸਿੰਘ ਜੱਗੀ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਪੰਜਾਬ ਦੇ ਸੈਕਟਰੀ ਖਾਸ ਤੌਰ 'ਤੇ ਸ਼ਾਮਲ ਹੋਣਗੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਪੀਐਚਡੀਸੀਸੀਆਈ ਦੇ ਪ੍ਰਧਾਨ ਹੇਮੰਤ ਜੈਨ ਖਾਸ ਤੌਰ 'ਤੇ ਸ਼ਾਮਲ ਹੋਣਗੇ। 7 ਦਸੰਬਰ ਨੂੰ ਇੱਥੇ ਪੰਜਾਬ ਫਾਰਮਾਸਿਊਟਿਕਲ ਹੈਲਥ ਐਂਡ ਵੈਲਨੇਸ ਕਾਂਕਲੇਵ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ। ਕਾਨਕਲੇਵ ਦੇ ਦੂਜੇ ਸੈਸ਼ਨ ਵਿੱਚ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ।ਇਸੀ ਦਿਨ ਸ਼ਾਮ ਨੂੰ ਪਾਈਟੈੱਕਸ ਮੈਦਾਨ ਵਿੱਚ ਹੈਰੀਟੇਜ ਸ਼ੋਅ ਦੌਰਾਨ ਪੰਜਾਬ ਹੈਰੀਟੇਜ ਵਾਕ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਬਾਲੀਵੁਡ ਦੇ ਸਿਤਾਰੇ ਜਿੰਮੀ ਸ਼ੇਰਗਿਲ ਖਾਸ ਤੌਰ 'ਤੇ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਵਿੱਚ ਅਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਹਨਾਂ ਨੇ ਦੱਸਿਆ ਕਿ 8 ਦਸੰਬਰ ਨੂੰ ਆਯੋਜਿਤ ਕੀਤੇ ਜਾਣ ਵਾਲੇ ਸਟਾਰਟਅਪ ਕਾਨਕਲੇਵ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ। ਇਸੇ ਦਿਨ ਆਯੋਜਿਤ ਕੀਤੇ ਜਾਣ ਵਾਲੇ ਸਮਾਪਤੀ ਸਮਾਰੋਹ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ। ਪ੍ਰੋਗਰਾਮ ਵਿੱਚ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ। ਪੀਐਚਡੀਸੀਸੀਆਈ ਦੇ ਰੀਜ਼ਨਲ ਡਾਇਰੈਕਟਰ ਭਾਰਤੀ ਸੂਦ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਇੱਥੇ ਰੇਂਜ ਰੋਵਰ, ਮਰਸਡੀਜ਼ ਅਤੇ ਬੀਐਮਡਬਲਯੂ ਜੇਹੇ ਅੰਤਰਰਾਸ਼ਟਰੀ ਬ੍ਰਾਂਡ ਆਪਣੀਆਂ ਗੱਡੀਆਂ ਲੈ ਕੇ ਪਹੁੰਚ ਰਹੇ ਹਨ। ਉਹਨਾਂ ਨੇ ਦੱਸਿਆ ਕਿ ਪਹਿਲਾਂ ਜਿੱਥੇ ਕਈ ਨਾਮੀ ਕੰਪਨੀਆਂ ਆਪਣੇ ਉਤਪਾਦ ਲਾਂਚ ਕਰਨ ਲਈ ਦਿੱਲੀ ਦੇ ਪ੍ਰਗਤੀ ਮੈਦਾਨ ਜਾਂਦੀਆਂ ਸੀ, ਉਹਨਾਂ ਨੇ ਹੁਣ ਪਾਈਟੈੱਕਸ ਨੂੰ ਆਪਣਾ ਦੂਜਾ ਡੈਸਟੀਨੇਸ਼ਨ ਬਣਾ ਲਿਆ ਹੈ।