ਡੀ.ਏ.ਪੀ ਖਾਦ ਦੇ ਬਦਲ ਵਜੋਂ ਹੋਰ ਖਾਦਾਂ ਦੀ ਵਰਤੋਂ ਕਰਨ ਕਿਸਾਨ

  • ਖੇਤੀਬਾੜੀ ਵਿਭਾਗ ਵਲੋਂ ਸੰਜਮ ਨਾਲ ਖਾਂਦਾ,ਰਸਾਇਣ ਤੇ ਪਾਣੀ ਦੀ ਵਰਤੋਂ ਕਰਨ ਦੀ ਅਪੀਲ

ਗੁਰਦਾਸਪੁਰ, 11 ਨਵੰਬਰ 2024 ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਨਿਰੰਤਰ ਉਪਰਾਲੇ ਜਾਰੀ ਹਨ, ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਲਗਾਤਾਰ ਕਿਸਾਨਾਂ ਨੂੰ ਖਾਂਦਾ, ਰਸਾਇਣ ਤੇ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਅਤੇ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਬਾਰੇ ਪ੍ਰੇਰਿਤ ਕਰ ਰਹੇ ਹਨ। ਮੁੱਖ ਖੇਤੀਬਾੜੀ ਅਫਸਰ, ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਖਾਦ ਡੀਲਰਾਂ ਦੀਆਂ ਦੁਕਾਨਾਂ ਤੇ ਗੋਦਾਮਾਂ ਦੀ ਚੈਕਿੰਗ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਜ਼ਮੀਨ ਵਿੱਚੋਂ ਚੰਗੀ ਪੈਦਾਵਾਰ ਕਰਕੇ ਹਰ ਇੱਕ ਦਾ ਪੇਟ ਭਰ ਰਿਹਾ ਹੈ, ਪ੍ਰੰਤੂ ਹੁਣ ਪਾਣੀ, ਰਸਾਇਣਾਂ ਤੇ ਖਾਂਦਾ ਦੀ ਸੰਜਮ ਨਾਲ ਵਰਤੋਂ ਕਰਨ ਦੀ ਜਰੂਰਤ ਹੈ। ਖੇਤਾਂ ਵਿੱਚ ਫਸਲਾਂ ਦੇ ਨਿਪਟਾਰੇ ਉਪਰੰਤ ਰਹਿੰਦ ਖੂੰਹਦ ਨੂੰ ਸੰਭਾਲਣ ਲਈ ਵੱਖੋ ਵੱਖਰੇ ਤਰੀਕੇ ਅਪਨਾਏ ਜਾਣ, ਜਿਸ ਨਾਲ ਜ਼ਮੀਨ ਦੀ ਸਿਹਤ ਖਰਾਬ ਨਹੀ ਹੁੰਦੀ ਅਤੇ ਉਪਜਾਊ ਸ਼ਕਤੀ ਵੱਧ ਜਾਂਦੀ ਹੈ। ਉਨ੍ਹਾਂ  ਨੇ ਖਾਂਦਾ ਬਾਰੇ ਦੱਸਿਆ ਡੀ ਏ ਪੀ ਖਾਦ ਦੇ ਬਦਲ ਵੱਜੋਂ ਟ੍ਰਿਪਲ ਸੁਪਰ ਫਾਸਫੇਟ ਖਾਦ,  ਐਨ ਪੀ ਕੇ (12:32:16) ਸਿੰਗਲ ਸੁਪਰ ਫਾਸਫੇਟ ਅਤੇ ਹੋਰ ਫਾਸਫੈਟਿਕ ਖਾਦਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਟ੍ਰਿਪਲ ਸੁਪਰ ਫਾਸਫੇਟ ਵਿੱਚ ਡੀ ਏ ਪੀ ਵਾਂਗੂ 46% ਫਾਸਫੋਰਸ ਤੱਤ ਹੁੰਦਾ ਹੈ। ਐਨ ਪੀ ਕੇ (12:32:16) ਦੀ ਵਰਤੋਂ ਵੀ ਡੀ ਏ ਪੀ ਦੇ ਬਦਲ ਵੱਜੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕਿਸਾਨ ਨਵੀਆਂ ਤਕਨੀਕਾਂ ਅਪਨਾ ਕੇ ਅਗਾਹਵਧੂ ਬਣ ਰਹੇ ਹਨ ਤੇ ਦੇਸ਼ ਦੇ ਕਿਸਾਨਾਂ ਦਾ ਰਾਹ ਦਸੇਰਾ ਬਣੇ ਹਨ।