ਪੁਲਿਸ ਰੋਕਾਂ ਅਤੇ ਪੰਥਕ ਆਗੂਆਂ ਦੀਆਂ ਗ੍ਰਿਫਤਾਰੀਆਂ ਦੇ ਬਾਵਜੂਦ ਅੰਮ੍ਰਿਤਸਰ ਵਿਖੇ ਹੋਇਆ ਭਰਵਾਂ ਇੱਕਠ, ਭਾਈ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੂੰ ਪੰਜਾਬ ਤਬਦੀਲ ਕਰਨ ਦੀ ਕੀਤੀ ਮੰਗ ਅਤੇ 8 ਮਤੇ ਕੀਤੇ ਪਾਸ

ਅੰਮ੍ਰਿਤਸਰ, 17 ਮਾਰਚ : ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਆਸ਼ਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਵਿੱਚ ਤਬਦੀਲ ਕਰਨ ਲਈ ਅੱਜ ਇਤਿਹਾਸਿਕ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖੇ ਪੰਥਕ ਇੱਕਠ ਵਿੱਚ ਭਾਵੇਂ ਪੁਲਿਸ ਵੱਲੋਂ ਸਿੱਖ ਆਗੂਆਂ ਨੂੰ ਰੋਕਣ ਲਈ ਬੀਤੀ ਰਾਤ ਤੋਂ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਦੇ ਬਾਵਜੂਦ ਵੀ ਵਿਸ਼ਾਲ ਇੱਕਠ ਹੋਇਆ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਜਾਰੀ ਕੀਤਾ ਗਿਆ ਸੰਦੇਸ਼ ਪੜ੍ਹਿਆ ਗਿਆ, ਜਿਸ ਵਿੱਚ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਤੋਂ  ਭਾਰਤ ਦੇ ਹਾਕਮਾਂ ਦਾ ਸਿੱਖ ਦੁਸ਼ਮਣ ਖਾਸਾ ਹੋਰ ਵੱਧ ਨੰਗਾ ਹੋ ਗਿਆ ਹੈ। ਸਰਕਾਰਾਂ ਵੱਲੋਂ ਨਜ਼ਰਬੰਦ ਸਿੰਘਾਂ  ਦੀਆਂ ਹੱਕੀ ਮੰਗਾਂ ਪ੍ਰਤੀ  ਪ੍ਰਗਟਾਈ ਜਾ ਰਹੀ ਬੇਰੁਖ਼ੀ ਤੇ ਕਠੋਰਤਾ ਜੱਗ ਜ਼ਾਹਿਰ ਹੋ ਗਈ ਹੈ । ਸਰਕਾਰਾਂ ਵੱਲੋਂ ਧਾਰਣ ਕੀਤੇ ਗਏ ਇਸ ਸਿੱਖ ਵਿਰੋਧੀ ਅਤੇ ਗੈਰ-ਮਾਨਵੀ ਵਤੀਰੇ ਨੂੰ ਦੇਖਦੇ ਹੋਏ ਸਾਨੂੰ ਆਪਸੀ ਵਿਰੋਧਾਂ ਤੇ ਵਖਰੇਵਿਆਂ ਤੋਂ ਉਪਰ ਉਠ ਕੇ ਇਕਜੁੱਟ ਹੋਣ ਦੀ ਲੋੜ ਤੇ ਅਹਿਮੀਅਤ ਨੂੰ ਪਛਾਨਣ ਦੀ ਲੋੜ ਹੈ। ਅਸੀਂ ਸਮੂਹ ਪੰਥਕ ਜਥੇਬੰਦੀਆਂ ਤੇ ਸੰਸਥਾਵਾਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਸਟੇਜ ਤੋਂ ਕਿਸ ਵੀ ਸਿੱਖ ਜਥੇਬੰਦੀ,  ਸੰਸਥਾ ਅਤੇ ਸ਼ਖਸੀਅਤ ਦੇ ਖਿਲਾਫ ਬੋਲਣ ਤੋਂ ਪੂਰੀ ਤਰ੍ਹਾਂ ਗੁਰੇਜ ਕੀਤਾ ਜਾਵੇ । ਸਰਕਾਰਾਂ ਆਪਣੇ ਭੜਕਾਊ ਏਜੰਟਾਂ ਦੇ ਜਰੀਏ ਸਾਡੇ ਸੰਘਰਸ਼ ਨੂੰ ਗਲਤ ਦਿਸ਼ਾ ਤੇ ਰੰਗਤ ਦੇਣ ਦੇ ਯਤਨ ਕਰ ਸਕਦੀਆਂ ਹਨ । ਉਨ੍ਹਾਂ ਦੀਆਂ ਅਜਿਹੀਆਂ ਕੁਚਾਲਾਂ ਨੂੰ ਪਛਾਨਣ ਤੇ ਪਛਾੜਨ ਦੀ ਲੋੜ ਹੈ।

  • ਮਤਾ ਨੰ: 1 

ਪੰਥਕ ਇੱਕਠ ਸਟੇਟ ਦੀ ਸਿੱਖ ਵਿਰੋਧੀ ਨੀਤੀ ਦੀ ਨਿਖੇਧੀ ਕਰਦਾ ਹੈ।  
ਅੱਜ ਦਾ ਇਹ ਪੰਥਕ ਇੱਕਠ ਇਹ ਮਹਿਸੂਸ ਕਰਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਦੇ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਪੰਜਾਬ ਦੇ ਨੌਜਵਾਨ ਵੱਡੇ ਪੱਧਰ ਤੇ ਧਰਮ ਤੋ ਬੇਮੁੱਖ ਹੋ ਰਹੇ ਸਨ ਤੇ ਨਸ਼ਿਆ ਦਾ ਪ੍ਰਸਾਰ ਵੱਡੇ ਪੱਧਰ ਤੇ ਫੈਲ ਚੁੱਕਾ ਸੀ ਤੇ ਸਰਕਾਰ ਦੀਆਂ ਸਿੱਖ ਧਰਮ ਵਿਰੋਧੀ ਨੀਤੀਆਂ ਦੇ ਖਿਲਾਫ ਪਿਛਲੇ ਸਮੇਂ ਵਿਚ ਸਿੱਖ ਜੁਝਾਰੂ ਯੋਧਿਆਂ ਨੇ ਸਮੇਂ ਸਮੇਂ ਤੇ ਅਜਿਹੇ ਬੁੱਚੜ ਤੇ ਜ਼ਾਲਮ ਲੋਕਾ ਨੂੰ ਸੋਧਿਆ ਪ੍ਰੰਤੂ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਜੇਲਾਂ ਵਿੱਚੋਂ ਅੱਜ ਤੱਕ ਰਿਹਾ ਨਹੀਂ ਕੀਤਾ ਗਿਆ। ਅਜਿਹੇ ਹਾਲਾਤਾਂ ਦੇ ਚੱਲਦਿਆਂ 1993-94 ਤੋਂ ਬਾਅਦ ਨੋਜਵਾਨ ਭਾਈ ਅੰਮ੍ਰਿਤਪਾਲ ਸਿੰਘ ਜੀ ਵੱਲੋਂ ਜਵਾਨੀ ਨੂੰ ਅੰਮ੍ਰਿਤ ਸੰਚਾਰ ਮੁਹਿੰਮ ਰਾਹੀਂ ਜਿੱਥੇ ਧਰਮ ਨਾਲ ਜੌੜਿਆ ਗਿਆ ਉਥੇ ਨਸ਼ਾ ਛੁਡਾ ਕੇ ਨੌਜਵਾਨਾਂ ਨੂੰ ਦੁਬਾਰਾ ਸੰਤ ਜਾਰਨੈਲ ਸਿੰਘ ਭਿੰਡਰਾਵਾਲਿਆਂ ਵੱਲੋਂ ਅਰੰਭੇ ਸੰਘਰਸ਼ ਪ੍ਰਤੀ ਜਾਗਰੂਕ ਕਰਨ ਦਾ ਕਾਰਜ ਅਰੰਭਿਆ। ਜੋ ਕਿ ਭਾਰਤੀ ਸਟੇਟ ਨੂੰ ਚਣੌਤੀ ਵਾਂਗ ਮਹਿਸੂਸ ਹੋਇਆ ਜਿਸ ਕਾਰਨ ਸਰਕਾਰ ਨੇ ਭਾਈ ਸਾਹਿਬ ਤੇ ਉਹਨਾ ਦੇ ਸਾਥੀਆਂ ਨੂੰ NSA ਲਾ ਕੇ ਪੰਜਾਬ ਤੋਂ 3000 ਕਿਲੋਮੀਟਰ ਦੂਰ ਡਿਬੜੂਗੜ੍ਹ ਜੇਲ ਵਿਚ ਬੰਦ ਕਰ ਦਿੱਤਾ ਅਤੇ ਭਾਈ ਗੁਰਪ੍ਰੀਤ ਸਿੰਘ ਸਮੇਤ ਕਾਫੀ ਹੋਰ ਸਾਥੀਆਂ ਨੂੰ ਪੰਜਾਬ ਦੀਆਂ ਵੱਖ ਵੱਖ ਜੇਲਾਂ ਵਿਚ ਝੂਠੇ ਕੇਸ ਪਾ ਕੇ ਡੱਕ ਦਿੱਤਾ। ਅੱਜ ਦਾ ਇਹ ਪੰਥਕ ਇੱਕਠ ਸਟੇਟ ਦੀ ਸਿੱਖ ਵਿਰੋਧੀ ਨੀਤੀ ਦੀ ਨਿਖੇਧੀ ਕਰਦਾ ਹੈ।  

  • ਮਤਾ ਨੰ: 2

ਪੰਥਕ ਇੱਕਠ NSA ਖਤਮ ਕਰਨ ਦੀ ਪੁਰਜੋਰ ਮੰਗ ਕਰਦਾ ਹੈ। 
ਡਿਬਰੂਗੜ੍ਹ ਜੇਲ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਮੁਲਾਕਾਤ ਸਮੇਂ ਡਿਉੜੀ ਵਿੱਚ ਆਉਣ ਤੋਂ ਬਾਅਦ ਉਹਨਾਂ ਦੀ ਬੈਰਕ ਤੇ ਬਾਥਰੂਮ ਵਗ਼ੈਰਾ ਵਿੱਚ ਕੈਮਰੇ ਲਾ ਦਿੱਤੇ ਗਏ ਜੋ ਕਿ ਉਹਨਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ । ਜਦ ਉਹਨਾਂ ਨੇ ਇਸ ਧੱਕੇ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਦੇ ਖ਼ਿਲ਼ਾਫ ਸਾਜ਼ਿਸ ਤਹਿਤ ਪ੍ਰਚਾਰ ਕਰ ਦਿੱਤਾ ਗਿਆ ਕਿ ਉਹਨਾਂ ਕੋਲੋਂ ਬਲੂਟੁੱਥ, ਸਪਾਈ ਕੈਮਰੇ ਅਤੇ ਸਮਾਰਟ ਫੋਨ ਬਰਾਮਦ ਹੋਏ ਅਜਿਹੇ ਹਾਲਾਤਾਂ ਕਾਰਣ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਉਹਨਾਂ ਦੇ ਸਾਥੀ ਸਿੰਘਾਂ ਵੱਲੋਂ ਉਹਨਾਂ ਡਿਬਰੂਗੜ੍ਹ ਅਤੇ ਪੰਜਾਬ ਵਿਚ ਮਿਤੀ 16-02-2024 ਤੋਂ ਸਿੰਘਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਤਾਰੀਖ 22-02-2024 ਤੋਂ ਉਨ੍ਹਾਂ ਦੇ ਪਰਿਵਾਰ ਵੀ ਭੁੱਖ ਹੜਤਾਲ ਉੱਪਰ ਹਨ। ਇਹ ਖਦਸ਼ਾ ਹੈ ਕਿ ਉਹਨਾਂ ਤੇ ਕੋਈ ਹੋਰ ਝੂਠਾ ਕੇਸ ਪਾ ਕੇ ਕਿਸੇ ਸਾਜ਼ਿਸ਼ ਤਹਿਤ ਉਹਨਾਂ ਦਾ ਨੁਕਸਾਨ ਕੀਤਾ ਜਾ ਸਕਦਾ ਹੈ ਜਾਂ ਪੰਜਾਬ ਆਉਣ ਤੇ ਪਾਬੰਦੀ ਲਾਈ ਜਾ ਸਕਦੀ ਹੈ। ਇਸ ਲਈ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਪੰਜਾਬ ਦੀ ਕਿਸੇ ਜੇਲ ਵਿੱਚ ਤਬਦੀਲ ਕੀਤਾ ਜਾਵੇ ਪ੍ਰੰਤੂ ਸਰਕਾਰ ਵੱਲੋਂ ਧਾਰੀ ਹੋਈ ਚੁੱਪ ਕਿਸੇ ਵੱਡੀ ਸਾਜ਼ਿਸ਼ ਜਾ ਅਣਹੋਣੀ ਦੀ ਦਸਤਕ ਦਿੰਦੀ ਹੈ। ਇਹ ਵੀ ਖਬਰ ਆਚੁੱਕੀ ਹੈ ਕਿ ਉਨ੍ਹਾਂ ਦੀ NSA 3 ਮਹਿਨੇ ਵਾਸਤੇ 4 ਜਨਵਰੀ ਤੋਂ ਵਧਾ ਦਿੱਤੀ ਗਈ ਹੈ ਜੋ ਕਿ ਇਸ ਮੋਰਚੇ ਸ਼ੁਰੂ ਹੋਣ ਦੀ ਮਿਤੀ 16-02-2024 ਤੋ ਬਹੁਤ ਪਹਿਲਾਂ ਹੀ ਵਧਾ ਦਿੱਤੀ ਗਈ ਸੀ।ਇਹ ਇੱਕਠ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਦੀ NSA ਵਧਾਉਣ ਦੀ ਸਖਤ ਨਿਖੇਧੀ ਕਰਦਾ ਹੋਇਆ NSA ਖਤਮ ਕਰਨ ਦੀ ਪੁਰਜੋਰ ਮੰਗ ਕਰਦਾ ਹੈ।

 

  • ਮਤਾ ਨੰ: 3 

ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਦੀ ਪੰਜਾਬ ਵਾਪਸੀ ਅਤੇ ਰਿਹਾਈ ਲਈ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਸੰਘਰਸ਼ ਕੀਤਾ ਜਾਵੇ। 
ਅੱਜ ਦ ਇਹ ਪੰਥਕ ਇੱਕਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਮੁੱਚਿਆਂ ਪੰਥਕ ਤੇ ਪੰਜਾਬ ਹਿਤੈਸ਼ੀ ਜਥੇਬੰਦੀਆਂ ਅਤੇ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਪੁਰਜੋਰ ਅਪੀਲ ਕਰਦਾ ਹੈ ਕਿ ਪਿੱਛਲੇ ਲੰਬੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਤੱਕ ਅਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਦੀ ਪੰਜਾਬ ਵਾਪਸੀ ਅਤੇ ਰਿਹਾਈ ਵਾਸਤੇ, ਧੜੇਬੰਦੀਆਂ ਤੋਂ ਉੱਪਰ ਉੱਠ ਕੇ ਸੰਘਰਸ਼ ਕੀਤਾ ਜਾਵੇ। ਇੱਥੇ ਵਰਣਯੋਗ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ 550 ਸਾਲਾਂ ਪ੍ਰਕਾਸ਼ ਗੁਰਪੁਰਬ ਸਮੇਂ ਕੇਂਦਰ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਖਤਮ ਕਰਨ ਦਾ ਨੋਟੀਫਿਕੇਸ਼ਨ ਵੀ ਕੇਂਦਰ ਵੱਲੋਂ ਜਾਰੀ ਕੀਤਾ ਗਿਆ ਸੀ ਪ੍ਰੰਤੂ ਉਸ ਸਬੰਧੀ ਬੇਈਮਾਨੀ  ਨਾਲ ਅਮਲ ਕਰਨ ਤੋਂ ਕਿਨਾਰਾਕਸ਼ੀ ਕੀਤੀ ਜਾ ਰਹੀ ਹੈ ਸੋ ਇੱਕਠ ਮੰਗ ਕਰਦਾ ਹੈ ਕਿ ਸ਼੍ਰੀ ਅਕਾਲ ਤੱਖਤ ਸਾਹਿਬ ਵੱਲੋਂ  ਬਣਾਈ ਪੰਜ ਮੈਂਬਰੀ ਕਮੇਟੀ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਤੁਰੰਤ ਭਾਈ ਦਵਿੰਦਰਪਾਲ ਸਿੰਘ ਭੁਲਰ ਦੀ ਪੱਕੀ ਪੈਰੋਲ, ਭਾਈ ਰਾਜੋਆਣਾ ਦੀ ਫਾਸੀ ਰੁਕਵਾਉਣਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਅੰਮ੍ਰਿਤਸਰ, ਕਪੂਰਥਲਾ ਤੇ ਪੰਜਾਬ ਦੀਆਂ ਜੇਲਾਂ ਵਿੱਚ ਬੰਦ ਸਾਥੀ ਸਿੰਘਾਂ ਦੀ ਰਿਹਾਈ ਕਰਵਾਉਣ ਅਤੇ ਅਸਾਮ ਦੀ ਡਿਬਰੂਗੜ੍ਹ ਜੇਲ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਨੂੰ ਪੰਜਾਬ ਦੀਆਂ ਜੇਲਾਂ ਵਿਚ ਤਬਦੀਲ ਕਰਕੇ ਅਜਨਾਲਾ ਕੇਸ ਵਿਚ ਓਹਨਾਂ ਦੀ ਗ੍ਰਿਫਤਾਰੀ ਪਾ ਜਮਾਨਤਾਂ ਤੇ ਰਿਹਾਅ ਕੀਤਾ ਜਾਣਾ ਮੁੱਖ ਮੁੱਦਿਆਂ ਵਿੱਚ ਹੋਵੇ।

  • ਮਤਾ ਨੰ : 4

ਭਾਰਤੀ ਸਰਕਾਰ ਅਤੇ ਭਗਵੰਤ ਮਾਨ ਦਾ ਰਵੱਈਆ ਹੁਣ ਤੱਕ ਅਤਿ ਨਿੰਦਣਯੋਗ ਰਿਹਾ ਹੈ।
ਸਿੱਖਾਂ ਦੇ ਸਿਰਮੌਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ ਵਾਰ ਮੰਗ ਕਰਨ ਅਤੇ ਦਿੱਤੇ ਅਲਟੀਮੇਟਮ ਅਨੁਸਾਰ ਵੀ ਭਾਰਤੀ ਸਰਕਾਰ ਅਤੇ ਇਸਦੇ ਸੂਬੇਦਾਰ ਭਗਵੰਤ ਮਾਨ ਦਾ ਰਵੱਈਆ ਹੁਣ ਤੱਕ ਅਤਿ ਨਿੰਦਣਯੋਗ ਰਿਹਾ ਹੈ। ਪੰਜਾਬ ਅਤੇ ਭਾਰਤੀ ਸਰਕਾਰ ਨੇ ਇਸ ਤਰੀਕੇ ਸਿੱਖ ਸੰਸਥਾਵਾਂ ਵੱਲੋਂ ਗੱਲਬਾਤ ਕਰਨ ਦੀ ਪੇਸ਼ਕਸ਼ ਨੂੰ ਨਜ਼ਰਅੰਦਾਜ ਕਰ ਸਾਡੀਆਂ ਇਹਨਾਂ ਸਤਿਕਾਰਯੋਗ ਸੰਸਥਾਵਾਂ ਦੇ ਅਦਬ ਨੂੰ ਢਾਹ ਲਾਈ ਹੈ। ਗੁਰੂਘਰ ਦੀ ਮਾਣ ਮਰਿਯਾਦਾ ਨੂੰ ਮੁੱਖ ਰੱਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਹੁਕਮ ਅਦੂਲੀ ਕਰਨ ਦੀ ਹੱਤਕ ਕਰਨ ਵਾਲੀਆਂ ਇਹਨਾਂ ਹੰਕਾਰੀ ਸਰਕਾਰਾਂ ਨੂੰ ਜਵਾਬ ਦੇਣ ਲਈ ਅਤੇ ਤਖਤ ਸਾਹਿਬ ਦੀ ਰਿਆਸਤ ਅਤੇ ਅਦਬ ਨੂੰ ਮੁੜ ਬਹਾਲ ਕਰਨ ਲਈ ਸਿੱਖ ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਮੂਹ ਬੰਦੀ ਸਿੰਘਾ ਦੀ ਰਿਹਾਈ ਦੇ ਸੰਘਰਸ਼ ‘ਚ ਵੱਧ ਚੜਕੇ ਯੋਗਦਾਨ ਪਾਓਣ।

  • ਮਤਾ ਨੰ: 5

‘ਬੰਦੀ ਛੋੜ ਅਰਦਾਸ ਮਾਰਚ’ 'ਚ ਬੰਦੀ ਸਿੰਘਾ ਦੇ ਪਰਿਵਾਰ ਅਤੇ ਸਿੱਖ ਸੰਗਤਾਂ ਵੱਧ ਚੜ੍ਹਕੇ ਮਾਰਚਾਂ ਵਿੱਚ ਹਿੱਸਾ ਲੈਣ।
ਇਹ ਇਕੱਠ ਮੰਗ ਕਰਦਾ ਹੈ ਕਿ ਸਮੂਹ ਬੰਦੀ ਸਿੰਘਾ ਦੀ ਰਿਹਾਈ ਲਈ ਅਪ੍ਰੈਲ ਵਿੱਚ ‘ਬੰਦੀ ਛੋੜ ਅਰਦਾਸ ਮਾਰਚ’ ਦਮਦਮਾ ਸਾਹਿਬ, ਆਨੰਦਪੁਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਤੋਂ ਉਥੋ ਦੇ ਸਿੰਘ ਸਾਹਿਬਾਨ/ਹੈਡ ਗਰੰਥੀ ਸਾਹਿਬਾਨ ਵੱਲੋਂ ਅਰੰਭ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣ। ਸਮੂਹ ਬੰਦੀ ਸਿੰਘਾ ਦੇ ਪਰਿਵਾਰ ਅਤੇ ਸਿੱਖ ਸੰਗਤਾਂ ਵੱਧ ਚੜ੍ਹਕੇ ਇਹਨਾਂ ਮਾਰਚਾਂ ਵਿੱਚ ਹਿੱਸਾ ਲੈਣ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਤੁਰੰਤ ਫੈਸਲਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ।

  • ਮਤਾ ਨੰ: 6

ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਦੀ ਭੁੱਖ ਹੜਤਾਲ ਖਤਮ ਕਰਵਾਈ ਜਾਵੇ।
ਇਹ ਇਕੱਠ ਮੰਗ ਕਰਦਾ ਹੈ ਕਿ ਸਰਕਾਰ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਰਖੀਆਂ ਮੰਗਾਂ ਨੂੰ ਸ਼ਾਜਸ਼ੀ ਤਰੀਕੇ ਨਾਲ ਅਣਗੋਲਿਆਂ ਕਰਕੇ ਭੁਖ ਹੜਤਾਲ ਰਾਹੀਂ ਉਨ੍ਹਾਂ ਨੂੰ ਕਤਲ ਕਰਨ ਦੀ ਸ਼ਾਜਿਸ਼ ਘੜੀ ਹੋਈ ਹੈ ਸੋ ਜੋ ਭੁੱਖ ਹੜਤਾਲ ਡਿਬਰੂਗੜ੍ਹ ਜੇਲ੍ਹ ’ਚ ਚੱਲ ਰਹੀ ਹੈ ਉਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੰਜ ਤਿਆਰ ਬਰ ਤਿਆਰ ਗੁਰਸਿੱਖਾਂ ਨੂੰ ਡਿਬਰੂਗੜ੍ਹ ਭੇਜਕੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਦੀ ਭੁੱਖ ਹੜਤਾਲ ਖਤਮ ਕਰਵਾਈ ਜਾਵੇ। ਇਸੇ ਤਰ੍ਹਾਂ ਪੰਜਾਬ ਦੀਆਂ ਜੇਲਾਂ ਵਿੱਚ ਵੀ ਭਾਈ ਗੁਰਪ੍ਰੀਤ ਸਿੰਘ ਸਮੇਤ ਬਾਕੀ ਬੰਦੀ ਸਿੰਘਾਂ ਵੱਲੋ ਚੱਲ ਰਹੀ ਭੁਖ ਹੜਤਾਲ ਨੂੰ ਖਤਮ ਕਰਨ ਦੀ ਅਪੀਲ ਕਰਦਾ ਹੈ। ਇਸ ਦੇ ਨਾਲ ਹੀ ਇਹ ਇੱਕਠ ਅਪੀਲ ਕਰਦਾ ਹੈ ਬੰਦੀ ਸਿੰਘਾਂ ਦੇ ਪਰਿਵਾਰਾਂ ਨੇ ਜੋ ਮੋਰਚਾ ਲਗਾਇਆ ਹੋਇਆ ਹੈ ਉਸ ਵਿਚ ਚੱਲ ਰਹੀ ਭੁਖ ਹੜਤਾਲ ਖਤਮ ਕਰਕੇ ਇਹ ਮੋਰਚਾ ਸੰਘਰਸ਼ ਦੇ ਭਵਿੱਖਤ ਰੂਪ ਨੂੰ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ ਹੋਰ ਪ੍ਰਚੰਡ ਕਰੇ।

  • ਮਤਾ ਨੰ: 7

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਖਤ ਨੋਟਿਸ ਲੈਣ ਦੀ ਅਪੀਲ ਕਰਦੇ ਹਾਂ।
ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਬੇ ਅੰਮ੍ਰਿਤੀਏ ਪੁਲਸ ਮੁਲਾਜਮਾਂ ਦੇ ਰਾਹੀਂ ਸ਼੍ਰੀ ਅਕਾਲ ਤੱਖਤ ਸਾਹਿਬ ਦੇ ਆਦੇਸ਼ ਨੂੰ ਡਿਬਰੂਗੜ੍ਹ ਭੇਜਣਾ ਅਤੇ ਓਥੇ ਕੈਦ ਸਿੰਘਾ ਵਿੱਚੋਂ ਚਾਰ ਸਿੰਘਾ ਨੂੰ ਇਸ ਭੁਲੇਖੇ ਵਿੱਚ ਰੱਖ ਕਿ ਇਹ ਹੁਕਮਨਾਮਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਹੈ, ਓਹਨਾਂ ਦੀ ਭੁੱਖ ਹੜਤਾਲ ਖਤਮ ਕਰਾਓਣੀ ਗੁਰਮਤ ਰਿਵਾਇਤ ਦੀ ਉਲੰਘਣਾ ਹੈ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਖਤ ਨੋਟਿਸ ਲੈਣ ਦੀ ਅਪੀਲ ਕਰਦੇ ਹਾਂ। ਵਰਨਣਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਪਹਿਲਾਂ ਹੀ ਸਿੰਘਾ ਨੂੰ ਬੇਨਤੀ ਕੀਤੀ ਹੋਈ ਸੀ ਕਿ ਜਿਸ ਵੀ ਸਿੰਘ ਨੇ ਭੁੱਖ ਹੜਤਾਲ ਤੋੜਨੀ ਹੋਵੇ ਓਹ ਤੋੜ ਸਕਦਾ ਹੈ ਅਤੇ ਮੇਰੇ ਨਾਲੋ ਨਾਤਾ ਤੋੜ ਕੇ ਆਪਣੀ ਰਿਹਾਈ ਕਰਵਾ ਸਕਦਾ ਹੈ।

  • ਮਤਾ ਨੰ: 8

ਸਰਕਾਰ ਵੱਲੋਂ ਲੋਕਤੰਤਰ ਦੇ ਮਖੌਟੇ ਹੇਠ ਸਿੱਖ ਕੋਮ ਨਾਲ ਕੀਤੀ ਜਾ ਰਹੀ ਸ਼ਰੇਆਮ ਧੱਕੇਸ਼ਾਹੀ ਦੀ ਇੱਕਠ ਸਖਤ ਨਿਦਾ ਕਰਦਾ ਹੈ 
ਇਸ ਇਕੱਠ ‘ਚ ਪਹੁੰਚ ਰਹੇ ਪੰਥਕ ਅਤੇ ਸੁਹਿਰਦ ਅਗੂਆਂ ਨੂੰ ਘਰਾਂ ‘ਚ ਕੈਦ ਕਰਨਾ, ਰਾਹਾਂ ‘ਚ ਰੋਕ ਓਹਨਾਂ ਨਾਲ ਧੱਕੇਸ਼ਾਹੀ ਕਰਨੀ ਅਤੇ ਪੱਗਾਂ ਲਾਹੁਣੀਆਂ, ਸਰਕਾਰੀ ਜਬਰ ਅਤੇ ਸਿੱਖ ਹੱਕਾਂ ਦੀ ਗੱਲ ਕਰਨ ਵਾਲੇ ਸਿੱਖਾਂ ਦੇ ਸੋਸ਼ਲ ਖਾਤੇ ਬੈਨ ਕਰਨੇ ਇਸ ਇੱਕਠ ਦਾ ਚੈਨਲਾਂ ਵੱਲੋਂ ਕੀਤਾ ਜਾ ਰਿਹਾ ਪ੍ਰਸ਼ਾਰਨ ਜੈਮਰ ਲਗਾਕੇ ਰੋਕਣ ਦੀ ਸਰਕਾਰ ਵੱਲੋਂ ਲੋਕਤੰਤਰ ਦੇ ਮਖੌਟੇ ਹੇਠ ਸਿੱਖ ਕੋਮ ਨਾਲ ਕੀਤੀ ਜਾ ਰਹੀ ਸ਼ਰੇਆਮ ਧੱਕੇਸ਼ਾਹੀ ਦੀ ਇਹ ਇੱਕਠ ਸਖਤ ਨਿਦਾ ਕਰਦਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਇਸ ਧੱਕੇਸ਼ਾਹੀ ਦੇ ਖਿਲਾਫ ਅਵਾਜ ਬੁਲੰਦ ਕਰਨ ਦੀ ਅਪੀਲ ਕਰਦਾ ਹੈ।