
- ਸਿਵਲ ਹਸਪਤਾਲ ਤਰਨ ਤਾਰਨ ਵਿਖੇ ਸ਼ੁਰੂ ਹੋਣ ਵਾਲੇ ਫਿਜੀਓਥਰੈਪੀ ਕੇਂਦਰ ਵਿੱਚ ਆਧੁਨਿਕ ਮਸ਼ੀਨਾਂ ਨਾਲ ਕੀਤਾ ਜਾਵੇਗਾ ਇਲਾਜ -ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ
ਤਰਨ ਤਾਰਨ, 12 ਮਾਰਚ 2025 : ਜ਼ਿਲਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਵੱਲੋਂ ਬੁੱਧਵਾਰ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਨਵੇਂ ਤਿਆਰ ਕੀਤੇ ਗਏ ਫਿਜੀਓਥਰੈਪੀ ਕੇਂਦਰ ਦਾ ਦੌਰਾ ਕੀਤਾ। ਇਸ ਮੌਕੇ ਸਹਾਇਕ ਕਮਿਸ਼ਨਰ ਸ਼੍ਰੀ ਕਰਨਵੀਰ ਸਿੰਘ, ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵੀ ਮੌਜੂਦ ਰਹੇ। ਫਿਜੀਓਥਰੈਪੀ ਕੇਂਦਰ ਦੀ ਫੇਰੀ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਵੱਲੋਂ ਕੇਂਦਰ ਚ ਲਗਾਈਆਂ ਗਈਆਂ ਮਸ਼ੀਨਾਂ ਦਾ ਬੜੀ ਹੀ ਬਰੀਕੀ ਨਾਲ ਜਾਇਜ਼ਾ ਲਿਆ। ਫਿਜੀਓਥਰੈਪੀ ਕੇਂਦਰ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਆਮ ਨਾਗਰਿਕਾਂ ਦੀ ਸੇਵਾ ਲਈ ਸ਼ੁਰੂ ਕੀਤਾ ਜਾਣਾ ਹੈ। ਉਹਨਾਂ ਦੱਸਿਆ ਕਿ ਫਿਜੀਓਥਰੈਪੀ ਕੇਂਦਰ ਵਿੱਚ ਆਧੁਨਿਕ ਮਸ਼ੀਨਾਂ ਰਾਹੀਂ ਮਾਹਿਰਾਂ ਵੱਲੋਂ ਇਲਾਜ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਸ਼ੁਰੂ ਹੋਣ ਵਾਲੇ ਫਿਜੀਓਥਰੈਪੀ ਕੇਂਦਰ ਰਾਹੀਂ ਵੱਡੀ ਗਿਣਤੀ ਵਿੱਚ ਜੋੜਾਂ ਦੀਆਂ ਪਰੇਸ਼ਾਨੀਆਂ ਝੱਲ ਰਹੇ ਮਰੀਜ਼ਾਂ ਨੂੰ ਲਾਭ ਪਹੁੰਚੇਗਾ। ਫਿਜੀਓਥਰੈਪੀ ਕੇਂਦਰ ਦੇ ਦੌਰੇ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਵੱਲੋਂ ਸਿਵਲ ਹਸਪਤਾਲ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਅਤੇ ਓਟ ਸੈਂਟਰ ਦਾ ਦੌਰਾ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਕਾਮਯਾਬ ਬਣਾਉਣ ਲਈ ਸਮਾਜ ਦੇ ਹਰ ਇੱਕ ਵਰਗ ਦੀ ਜਿੰਮੇਵਾਰੀ ਲਾਜ਼ਮੀ ਹੈ। ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਨਸ਼ਾ ਛੁਡਾਊ ਕੇਂਦਰ ਵਿਖੇ ਤੈਨਾਤ ਸਿਹਤ ਕਰਮੀਆਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਕਿਹਾ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਨਸ਼ਾ ਛਡਾਊ ਕੇਂਦਰ ਅਤੇ ਓਟ ਸੈਂਟਰ ਵਿੱਚ ਪ੍ਰਬੰਧਾਂ ਨੂੰ ਹੋਰ ਪੁਖਤਾ ਕੀਤਾ ਜਾਵੇ ਤਾਂ ਜੋ ਪੀੜਿਤ ਵਿਅਕਤੀਆਂ ਨੂੰ ਇਸ ਅਲਾਮਤ ਤੋਂ ਵਜਾਇਆ ਜਾ ਸਕੇ। ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਵਲੋਂ ਸਿਹਤ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ ਜਿੱਥੇ ਉਹਨਾਂ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਸਿਹਤ ਪ੍ਰੋਗਰਾਮਾਂ ਨੂੰ ਵੱਧ ਚੜ ਕੇ ਪ੍ਰਫੁੱਲਿਤ ਕਰਨ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਸਿਹਤ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਸਿਹਤ ਪ੍ਰੋਗਰਾਮ ਦਾ ਲਾਭ ਸਮੇਂ ਸਿਰ ਪਹੁੰਚੇ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਆਧੁਨਿਕ ਮਸ਼ੀਨਾਂ ਵਾਲਾ ਫਿਜਓਥਰੇਪੀ ਕੇਂਦਰ ਆਪਣੇ ਆਪ ਵਿੱਚ ਹੀ ਵਿਲੱਖਣ ਹੋਵੇਗਾ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਇਸ ਫਿਜੀਓਥਰੈਪੀ ਕੇਂਦਰ ਤੋਂ ਇਲਾਵਾ ਦੋ ਹੋਰ ਕੇਂਦਰ ਚਲਾਏ ਜਾ ਰਹੇ ਹਨ ਜਿੱਥੇ ਵੱਡੀ ਗਿਣਤੀ ਦੇ ਵਿੱਚ ਮਰੀਜ਼ਾਂ ਵੱਲੋਂ ਲਾਭ ਲਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਅਤੇ ਓਟ ਸੈਂਟਰਾਂ ਦੇ ਕੰਮ-ਕਾਜ ਨੂੰ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਵਾਚਿਆ ਜਾਂਦਾ ਹੈ ਅਤੇ ਪ੍ਰਬੰਧਾਂ ਨੂੰ ਦਿਨੋ-ਦਿਨ ਹੋਰ ਬਿਹਤਰ ਬਣਾਇਆ ਜਾ ਰਿਹਾ ਹੈ ਅਤੇ ਵਿਭਾਗ ਵੱਲੋਂ ਵਿਖੇ ਮਨੋਰੋਗ ਮਾਹਿਰ ਨੂੰ ਤੈਨਾਤ ਕਰ ਦਿੱਤਾ ਗਿਆ ਹੈ ਜਿਸ ਵੱਲੋਂ ਪੀੜਤ ਵਿਅਕਤੀਆਂ ਦਾ ਇਲਾਜ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ। ਜ਼ਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਸਤਵਿੰਦਰ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ, ਡਾ. ਰੂਪਮ ਚੌਧਰੀ, ਐਸ ਐਮ ਓ ਸਿਵਲ ਹਸਪਤਾਲ ਤਰਨ ਤਾਰਨ ਡਾ. ਸਰਬਜੀਤ ਸਿੰਘ, ਮੈਡੀਕਲ ਅਫਸਰ ਡਾ. ਜਤਿੰਦਰ ਸਿੰਘ ਪੰਨੂ, ਮੈਡੀਕਲ ਅਫਸਰ ਡਾ. ਸੁਖਜਿੰਦਰ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ, ਫੀਜੀਓਥੈਰਪਿਸਟ ਗੁਰਸ਼ਰਨ ਸਿੰਘ, ਰੁਪਿੰਦਰ ਕੌਰ ਵੀ ਮੌਜੂਦ ਰਹੇ।