- ਬਟਾਲਾ ਸ਼ਹਿਰ ਵਿੱਚ ਬਣਾਈ ਜਾਣ ਵਾਲੀ ਲਾਇਬ੍ਰੇਰੀ ਦੇ ਪ੍ਰੋਜੈਕਟ ਨੂੰ ਤਰਜੀਹ ਦੇ ਕੇ ਜਲਦ ਮੁਕੰਮਲ ਕਰਨ ਦੀਆਂ ਹਦਾਇਤਾਂ
ਗੁਰਦਾਸਪੁਰ, 21 ਜੁਲਾਈ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਐੱਮ.ਪੀ.ਲੈਡ ਫੰਡਾਂ ਤਹਿਤ ਕੀਤੇ ਜਾ ਰਹੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਤਹਿ ਸਮੇਂ ਅੰਦਰ ਮੁਕੰਮਲ ਕਰਕੇ ਉਨ੍ਹਾਂ ਦੇ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਵਾਏ ਜਾਣ। ਅੱਜ ਸਥਾਨਕ ਪੰਚਾਇਤ ਭਵਨ ਵਿੱਚ ਐੱਮ.ਪੀ.ਲੈਡ ਫੰਡਾਂ ਨਾਲ ਜ਼ਿਲ੍ਹੇ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਰੀਵਿਊ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਲੋਕ ਨਿਮਰਾਣ ਵਿਭਾਗ, ਪੰਚਾਇਤ ਵਿਭਾਗ, ਨਗਰ ਨਿਗਮ ਬਟਾਲਾ ਅਤੇ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਨ੍ਹਾਂ ਵਿਕਾਸ ਕਾਰਜਾਂ ਦੀ ਗਤੀ ਵਿੱਚ ਤੇਜ਼ੀ ਲਿਆਉਣ। ਇਸਦੇ ਨਾਲ ਹੀ ਅਧਿਕਾਰੀ ਚੱਲ ਰਹੇ ਕੰਮਾਂ ਦਾ ਖੁਦ ਮੌਕੇ ’ਤੇ ਜਾ ਕੇ ਨਿਰੀਖਣ ਕਰਨ ਅਤੇ ਕੰਮ ਦੀ ਗੁਣਵਤਾ ਨੂੰ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਵੇ। ਬਟਾਲਾ ਸ਼ਹਿਰ ਵਿਖੇ ਐੱਮ.ਪੀ.ਲੈਡ ਫੰਡਾਂ ਨਾਲ ਬਣਨ ਵਾਲੀ ਲਾਇਬ੍ਰੇਰੀ ਦਾ ਰੀਵਿਊ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਦੇ ਸ਼ਹਿਰ ਬਟਾਲਾ ਵਿੱਚ ਬਣਨ ਵਾਲੀ ਇਹ ਲਾਇਬ੍ਰੇਰੀ ਹਰ ਪੱਖ ਤੋਂ ਵਧੀਆ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਦੇ ਇਸ ਪ੍ਰੋਜੈਕਟ ਨੂੰ ਵਿਸ਼ੇਸ਼ ਤਰਜ਼ੀਹ ਦੇ ਕੇ ਜਲਦ ਮੁਕੰਮਲ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਗੁਰਦਾਸਪੁਰ ਸ਼ਹਿਰ ਲਈ ਓਪਨ ਜਿੰਮ, ਸ਼ੂਟਿੰਗ ਰੇਂਜ ਅਤੇ ਸਵੀਮਿੰਗ ਪੂਲ ਦੇ ਪ੍ਰੋਜੈਕਟਾਂ ਲਈ ਇੱਕ ਰੀਪੋਰਟ ਤਿਆਰ ਕਰਨ ਤਾਂ ਜੋ ਇਨ੍ਹਾਂ ਪ੍ਰੋਜੈਕਟਾਂ ਲਈ ਸਰਕਾਰ ਕੋਲੋਂ ਗ੍ਰਾਂਟ ਦੀ ਮੰਗ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਤਿੰਨੇ ਪ੍ਰੋਜੈਕੈਟ ਬਣਨ ਨਾਲ ਗੁਰਦਾਸਪੁਰ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ।