- ਨਿੱਜੀ ਹਸਪਤਾਲ ਅਤੇ ਨਰਸਿੰਗ ਹੋਮਜ ਜਨਮ ਅਤੇ ਮੌਤ ਦੀ ਸਹੀ ਸੂਚਨਾ ਬਿਨਾਂ ਕਿਸੇ ਦੇਰੀ ਦੇ ਸੰਬੰਧਤ ਵਿਭਾਗਾਂ ਨੂੰ ਪਹੁੰਚਾਉਣ
ਤਰਨ ਤਾਰਨ 28 ਜੂਨ 2024 : ਜ਼ਿਲਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਜੀ ਦੀ ਅਗਵਾਈ ਹੇਠ ਜ਼ਿਲਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸ਼ੁਕਰਵਾਰ ਨੂੰ ਜ਼ਿਲਾ ਪੱਧਰੀ ਅੰਤਰ ਵਿਭਾਗੀ ਤਾਲਮੇਲ ਕਮੇਟੀ (ਜਨਮ ਅਤੇ ਮੌਤ) ਦੀ ਅਹਿਮ ਬੈਠਕ ਹੋਈ। ਇਸ ਬੈਠਕ ਦੇ ਵਿੱਚ ਸਿਹਤ ਵਿਭਾਗ, ਪੁਲਿਸ, ਸਿੱਖਿਆ, ਆਂਗਣਵਾੜੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਮੰਤਵ ਨਾਗਰਿਕਾਂ ਨੂੰ ਜਨਮ ਅਤੇ ਮੌਤ ਸਰਟੀਫਿਕੇਟ ਤਿਆਰ ਅਤੇ ਪ੍ਰਾਪਤ ਕਰਨ ਦੀ ਕਾਰਜਪ੍ਰਣਾਲੀ ਨੂੰ ਸਰਲ ਅਤੇ ਸੁਖਾਲਾ ਬਨਾਉਣਾ ਹੈ। ਉਹਨਾਂ ਕਿਹਾ ਕਿ ਇਹ ਪਾਇਆ ਗਿਆ ਹੈ ਕੇ ਨਿੱਜੀ ਹਸਪਤਾਲ ਅਤੇ ਨਰਸਿੰਗ ਹੋਮਜ ਵਲੋਂ ਜਨਮ ਅਤੇ ਮੌਤ ਸਰਟੀਫਿਕੇਟ ਸੰਬੰਧੀ ਸਹੀ ਜਾਣਕਾਰੀ ਨੂੰ ਸਰਕਾਰੀ ਵਿਭਾਗਾਂ ਨੂੰ ਸਮੇਂ ਸਿਰ ਭੇਜਣਾ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਜਨਮ ਅਤੇ ਮੌਤ ਸਰਟੀਫਿਕੇਟ ਜਾਰੀ ਕਰਨ ਦੇ ਸੰਬੰਧ ਵਿਚ ਕਿਸੇ ਕਿਸਮ ਦੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਜਨਮ ਅਤੇ ਮੌਤ ਸਰਟੀਫਿਕੇਟ ਨੂੰ ਲਾਭਪਾਤਰੀ ਨੂੰ 21 ਦਿਨਾਂ ਦੇ ਵਿਚ ਜਾਰੀ ਕਰਨਾ ਯਕੀਨੀ ਬਣਾਇਆ ਜਾਵੇ। ਸਿੱਖਿਆ ਵਿਭਾਗ ਨੂੰ ਹਦਾਇਤ ਕਰਦਿਆ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਕਿਹਾ ਕਿ ਬੱਚਿਆਂ ਦੇ ਦਾਖਲੇ ਤੋਂ ਪਹਿਲਾਂ ਬੱਚੇ ਤੋਂ ਜਨਮ ਸਰਟੀਫਿਕੇਟ ਲੈਣਾ ਜ਼ਰੂਰੀ ਹੈ ਅਤੇ ਵਿਭਾਗ ਇਸ ਨੂੰ ਅਨਗੋਲੀਆਂ ਨਾ ਕਰੇ। ਇੱਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਦੇਵੀ ਬਾਲਾ, ਡਾਕਟਰ ਅਮਨਦੀਪ ਸਿੰਘ, ਜ਼ਿਲਾ ਮਾਸ ਮੀਡਿਆ ਅਫਸਰ ਸ੍ਰੀ ਅਮਰਦੀਪ ਸਿੰਘ, ਕੋਰਡੀਨੇਟਰ ਸੁਰਜੀਤ ਸਿੰਘ ਆਦਿ ਮੌਜੂਦ ਰਹੇ।