- 925 ਫੁੱਟ ਚੌੜਾ ਸੀ ਇਹ ਪਾੜ, 7 ਪਿੰਡਾਂ ਵਿੱਚ ਪਾਣੀ ਆਉਣ ਕਾਰਨ ਟੁੱਟੀ ਹੋਈ ਸੀ ਸੜਕੀ ਅਵਾਜਾਈ
- ਪਿੰਡਾਂ ਦੀਆਂ ਸੰਗਤਾਂ ਵੱਲੋਂ ਕੀਤੀ ਗਈ ਫੁੱਲਾਂ ਨਾਲ ਵਰਖਾ
ਸੁਲਤਾਨਪੁਰ ਲੋਧੀ, 04 ਅਗਸਤ : ਗੱਟਾ ਮੁੰਡੀ ਕਾਸੂ ਪਿੰਡ ਨੇੜੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਿਆ ਪਾੜ 18 ਦਿਨਾਂ ਬਾਅਦ ਬੋਲੇ ਸੋ ਨਿਹਾਲ ਦੇ ਜੈਕਾਰਿਆ ਵਿੱਚ ਪੂਰ ਦਿੱਤਾ ਗਿਆ ਹੈ। ਇਹ ਬੰਨ੍ਹ ਪੂਰਨ ਲਈ ਪੰਜਾਬ ਦੇ ਲੋਕਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਸੀ। ਇਹ ਪਾੜ ਲਗਭਗ 925 ਫੁੱਟ ਤੋਂ ਵੱਧ ਚੌੜਾ ਸੀ। ਸਤਲੁਜ ਦਾ ਇਹ ਧੁੱਸੀ ਬੰਨ੍ਹ ਟੁੱਟਣ ਨਾਲ ਇਲਾਕੇ ਵਿੱਚ ਭਾਰੀ ਤਬਾਹੀ ਮਚਾਈ ਸੀ। ਸਤਲੁਜ ਦਰਿਆ ਦਾ ਧੱੁਸੀ ਬੰਨ੍ਹ 10 ਤੇ 11 ਜੁਲਾਈ ਦੀ ਦਰਮਿਆਨੀ ਰਾਤ ਨੂੰ ਦੋ ਥਾਵਾਂ ਤੋਂ ਟੱਟ ਗਿਆ ਸੀ। ਪਹਿਲਾਂ ਪਾੜ ਜਿਹੜਾ ਕਿ 350 ਫੁੱਟ ਦੇ ਕਰੀਬ ਸੀ ਉਹ ਤਾਂ ਪੰਜਾਂ ਦਿਨਾਂ ਵਿੱਚ ਹੀ ਪੂਰ ਦਿੱਤਾ ਗਿਆ ਸੀ। ਦੂਜਾ ਪਾੜ ਗੱਟਾ ਮੁਡੀ ਕਾਸੂ ਨੇੜੇ ਪਿਆ ਸੀ ਜਿਹੜਾ ਅੱਜ ਰਾਤ ਸਾਢੇ 7 ਵਜੇ ਦੇ ਕਰੀਬ ਪੂਰ ਦਿੱਤਾ ਗਿਆ। ਦੇਰ ਰਾਤ ਬੰਨ੍ਹ ਪੂਰੇ ਜਾਣ ‘ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਹੜੇ ਵੱਖ-ਵੱਖ ਜਿਿਲ੍ਹਆਂ ਵਿੱਚੋਂ ਲਗਾਤਾਰ ਮਿੱਟੀ ਦੀਆਂ ਟਰਾਲੀਆਂ ਲੈਕੇ ਆ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸ਼ਾਮੂਲੀਅਤ ਨਾਲ ਹੀ ਸਤਲੁਜ ਦੇ ਦੋਵੇਂ ਬੰਨ੍ਹ ਪੂਰੇ ਗਏ। ਉਹਨਾਂ ਕਿਹਾ ਕਿ ਲੋਕ ਭਲਾਈ ਦੇ ਕਾਰਜ਼ ਸਭ ਦੇ ਸਾਂਝੇ ਕਾਰਜ਼ ਹੁੰਦੇ ਹਨ ਤੇ ਇਹਨਾਂ ਲਈ ਸਭ ਦੇ ਸਹਿਯੋਗ ਦੀ ਲੋੜ ਹੈ। ਬੰਨ੍ਹ ਪੂਰਨ ਤੋਂ ਬਾਅਦ ਇਸ ਬੰਨ੍ਹ ਦੀ ਮਜ਼ਬੂਤੀ ਦੇ ਕਾਰਜ਼ ਆਰੰਭ ਕਰ ਦਿੱਤੇ ਜਾਣਗੇ। ਜਿਸ ਲਈ ਮਿੱਟੀ ਹਲੇ ਵੀ ਮਿੱਟੀ ਅਤੇ ਡੀਜ਼ਲ ਦੀ ਲੋੜ।ਜ਼ਿਕਰਯੋਗ ਹੈ ਕਿ ਦਰਿਆ ਵਿੱਚ ਪਾਣੀ ਚੜ੍ਹਨ ਕਾਰਨ ਹੜ੍ਹ ਪੀੜਤ ਇਲਾਕੇ ਦੇ ਲੋਕ ਚਿੰਤਤ ਹਨ। ਇਸ ਇਲਾਕੇ ਵਿੱਚ ਅਜੇ ਵੀ 7 ਪਿੰਡਾਂ ਦਾ ਸੜਕੀ ਸੰਪਰਕ ਟੱਟਿਆ ਹੋਇਆ ਹੈ। ਖੇਤਾਂ ਵਿੱਚ ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਖੜਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ ਕਿ ਜੇਕਰ ਥੋੜ੍ਹੇ ਦਿਨਾਂ ਤੱਕ ਪਾਣੀ ਨਾ ਨਿਕਲਿਆ ਤਾਂ ਉਨ੍ਹਾਂ ਲਈ ਅਗਲੀ ਫਸਲ ਬੀਜਣ ਔਖੀ ਹੋ ਜਾਵੇਗੀ। ਉਹਨਾਂ ਵੱਲੋਂ ਬੰਨ੍ਹ ਲੱਗਣ ਦੌਰਾਨ ਸੰਗਤਾਂ ਦਾ ਫੁੱਲਾਂ ਦੀ ਵਰਖਾ ਨਾਲ ਧੰਨਵਾਦ ਕੀਤਾ। ਅੱਜ ਵੀ ਸਵੇਰੇ ਤੋਂ ਪੰਜਾਬ ਭਰ ਵਿੱਚ ਲੋਕ ਮਿੱਟੀ ਦੀਆਂ ਟਰਾਲੀਆਂ ਭਰ ਕੇ ਲਿਆ ਲਗਾਤਾਰ ਲਿਆ ਰਹੇ ਹਨ। ਡਰੇਨਜ਼ ਵਿਭਾਗ ਅਨੁਸਾਰ ਇਸ ਪਾੜ ਦੀ ਸਭ ਤੋਂ ਵੱਧ ਡੂੰਘਾਈ 50 ਫੁੱਟ ਤੱਕ ਦੇ ਕਰੀਬ ਸੀ ਇਸੇ ਕਾਰਨ ਇੱਥੇ ਮਿੱਟੀ ਬਹੁਤ ਜ਼ਿਆਦਾ ਪੈ ਰਹੀ ਸੀ। ਡਰੇਨਜ਼ ਵਿਭਾਗ ਅਨੁਸਾਰ ਇਹ ਪਾੜ ਪੂਰਨ ਲਈ ਅਨੁਮਾਨਤ ਲਾਗਤ 5 ਕਰੋੜ ਦੇ ਕਰੀਬ ਮਿੱਥੀ ਗਈ ਸੀ। ਡਰੇਨਜ਼ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ 100 ਦਿਨਾਂ ਤੋਂ ਪਹਿਲਾਂ 925 ਫੁੱਟ ਪਾੜ ਪੂਰਨ ਅਸੰਭਵ ਹੈ। ਗੱਟਾ ਮੁੰਡੀ ਕਾਸੂ ਵਾਲਾ ਪਾੜ 18 ਜੁਲਾਈ ਨੂੰ ਜਦੋਂ ਬੰਨ੍ਹ ਬੰਨ੍ਹਣ ਦੀ ਅਰਦਾਸ ਕੀਤੀ ਗਈ ਸੀ ਤਾਂ ਉਸ ਵੇਲੇ ਕੈਬਨਿਟ ਮੰਤਰੀ ਬਲਕਾਰ ਸਿੰਘ, ਨਕੋਦਰ ਹਲਕੇ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੀ ਮੌਜੂਦ ਸਨ। ਉਸ ਦਿਨ ਫੈਸਲਾ ਹੋਇਆ ਸੀ ਕਿ ਬੰਨ੍ਹ ਦਾ ਇੱਕ ਪਾਸਾ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆ ਦੀ ਅਗਵਾਈ ਹੇਠ ਬੰਨ੍ਹਿਆ ਜਾਵੇਗਾ ਤੇ ਦੂਜਾ ਪਾਸਾ ਡਰੇਨਜ਼ ਵਿਭਾਗ ਬੰਨ੍ਹੇਗਾ। ਪੰਜਾਬ ਭਰ ਤੋਂ ਸੰਗਤਾਂ ਦੀ ਹੱਥੀ ਕਾਰਸੇਵਾ ਤੇ ਲਗਾਤਾਰ ਮਿੱਟੀ ਨਾਲ ਲੱਦੀਆਂ ਟਰਾਲੀਆਂ ਨੇ 18 ਦਿਨਾਂ ਵਿੱਚ ਹੀ 925 ਫੁੱਟ ਦੇ ਕਰੀਬ ਬੰਨ੍ਹ ਬਣਾ ਦਿੱਤਾ ਹੈ।