
- ਨੰਨ੍ਹੇ ਮੁੰਨੇ ਮੁਨੇ ਖਿਡਾਰੀਆਂ ਨੇ 4 ਗੋਲਡ, 13 ਸਿਲਵਰ, ਅਤੇ 3 ਕਾਂਸੇ ਦੇ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਂ ਕੀਤਾ ਰੌਸ਼ਨ
ਤਰਨਤਾਰਨ 16 ਦਸੰਬਰ 2024 : ਇਸ ਵਾਰ 44 ਵਾਂ ਪ੍ਰਾਇਮਰੀ ਖੇਡਾਂ ਜੋ ਕਿ ਸੰਗਰੂਰ ਵਿਖੇ ਹੋਈਆਂ ਵਿੱਚ ਤਰਨ ਤਾਰਨ ਜ਼ਿਲ੍ਹੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੱਚਿਆਂ ਨੇ ਹੁਣ ਤਕ ਦਾ ਉਮਦਾ ਪ੍ਰਦਰਸ਼ਨ ਕਰਦਿਆਂ ਹੋਇਆਂ ਵੱਖ ਵੱਖ ਕੈਟਾਗਰੀਆਂ ਵਿੱਚ 20 ਮੈਡਲ ਆਪਣੇ ਜ਼ਿਲ੍ਹੇ ਦੀ ਝੋਲੀ ਪਾਏ। ਖੇਡ ਇੰਚਾਰਜ ਗੁਰਕਿਰਪਾਲ ਸਿੰਘ, ਗੁਰਵਿੰਦਰ ਸਿੰਘ , ਨਰਿੰਦਰ ਨੂਰ, ਅਤੇ ਜਰਨੈਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਲੜਕੀਆਂ ਦੀ ਟੀਮ 4×100 ਦੀ ਵੱਕਾਰੀ ਰਿਲੇ ਦੌੜ ਵਿੱਚ ਗੋਲਡ ਮੈਡਲ ਜਿੱਤ ਕੇ ਸਾਰੇ ਪੰਜਾਬ ਚ ਪਹਿਲੇ ਸਥਾਨ ਤੇ ਰਹੀ ਹੈ। ਜਿਸ ਵਿੱਚ ਬਲਾਕ ਗੰਡੀਵਿੰਡ ਦੇ ਠਠਗੜ, ਦੋਦੇ ਅਤੇ ਗਹਿਰੀ ਸਕੂਲ ਦੀਆਂ ਬੱਚੀਆਂ ਨੇ ਹਿੱਸਾ ਲਿਆ। ਇਸ ਉਮਦਾ ਟੀਮ ਨੂੰ ਬਲਾਕ ਗੰਡੀਵਿੰਡ ਦੇ ਬੀ ਐਸ ਓ ਮੈਡਮ ਰਣਦੀਪ ਕੌਰ, ਪਾਵਨ ਕੁਮਾਰ, ਜਰਨੈਲ ਸਿੰਘ ਅਤੇ ਹਰਜੀਤ ਸਿੰਘ ਨੇ ਤਿਆਰ ਕੀਤਾ ਸੀ। ਇਸੇ ਤਰ੍ਹਾਂ ਹੀ ਖੋ ਖੋ ਦੀ ਲੜਕੀਆਂ ਦੀ ਟੀਮ ਨੇ ਵੀ ਇਤਿਹਾਸ ਰਚਦੇ ਹੋਏ ਸੰਗਰੂਰ ਜਿਲ੍ਹੇ ਨਾਲ ਫਾਈਨਲ ਖੇਡਦਿਆਂ ਬਹੁਤ ਸਖ਼ਤ ਮੁਕਾਬਲੇ ਚ ਸਿਲਵਰ ਮੈਡਲ ਜਿੱਤ ਕੇ ਸਾਰੇ ਪੰਜਾਬ ਚ ਦੂਸਰੇ ਸਥਾਨ ਪ੍ਰਾਪਤ ਕੀਤਾ ਜਿਸ ਵਿਚ ਨੌਸ਼ਹਿਰਾ ਬਲਾਕ ਦੇ ਕੈਰੋਂ ਸਕੂਲ ਅਤੇ ਗੰਡੀਵਿੰਡ ਬਲਾਕ ਦੇ ਦੋਦੇ ਸਕੂਲ ਦੀਆਂ ਬੱਚਿਆ ਦੀ ਸਾਂਝੀ ਟੀਮ ਨੇ ਭਾਗ ਲਿਆ। ਇਸ ਟੀਮ ਨੂੰ ਤਿਆਰ ਕਰਨ ਵਿੱਚ ਮੁੱਖ ਤੌਰ ਤੇ ਕੋਚ ਗੁਰਕਿਰਪਾਲ ਸਿੰਘ ਲਾਡੀ (ਸਟੇਟ ਐਵਾਰਡੀ) ਸੀਐਚਟੀ ਨਿਰਵੈਲ ਸਿੰਘ ਅਤੇ ਜਰਨੈਲ਼ ਸਿੰਘ ਨੇ ਲਗਾਤਾਰ ਮਿਹਨਤ ਕੀਤੀ। ਕੁਸ਼ਤੀ ਚੈਂਪੀਅਨਸ਼ਿਪ ਚ ਵੀ ਇਤਿਹਾਸ ਰਚਦੇ ਹੋਏ ਕੋਚ ਗੁਰਵਿੰਦਰ ਸਿੰਘ ਸੀਐਚਟੀ, ਨਰਿੰਦਰ ਨੂਰ, ਜਸਵਿੰਦਰ ਸਿੰਘ, ਅਮਨਦੀਪ ਸਿੰਘ, ਅਤੇ ਅਨੂਜ ਕੁਮਾਰ ਅਧਿਆਪਕਾਂ ਦੀ ਰਹਿਨੁਮਾਈ ਹੇਠ ਪੱਟੀ ਬਲਾਕ ਦੇ ਹੋਣਹਾਰ ਬੱਚੇ ਸ਼ੀਤੂ ਪਹਿਲਵਾਨ ਨੇਂ ਪੰਜਾਬ ਪੱਧਰ ਤੇ ਦੂਸਰੀ ਪੁਜੀਸ਼ਨ ਹਾਸਿਲ ਕੀਤੀ ਅਤੇ ਅਮਨ ਪਹਿਲਵਾਨ ਪੱਟੀ, ਸਮਰਦੀਪ ਸਿੰਘ, ਜਰਮਨਦੀਪ ਸਿੰਘ ਬਲਾਕ ਗੰਡੀਵਿੰਡ ਦੇ ਸ਼ੁਕਰਚੱਕ ਸਕੂਲ ਨੇ ਕਾਂਸੇ ਦਾ ਤਮਗਾ ਜਿੱਤ ਕੇ ਆਪਣੇ ਸਕੂਲ ਅਤੇ ਜਿਲ੍ਹੇ ਦਾ ਨਾਂ ਰੌਸ਼ਨ ਕੀਤਾ। ਇਸੇ ਤਰ੍ਹਾਂ ਯੋਗਾ ਚ ਵੀ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਬਲਾਕ ਨੌਸ਼ਹਿਰਾ ਦੇ ਅਧਿਆਪਕਾਂ ਮੈਡਮ ਸ਼ਰਨਜੀਤ ਕੌਰ ਅਤੇ ਮੈਡਮ ਰਾਜਵਿੰਦਰ ਕੌਰ ਦੀ ਅਗਵਾਈ ਚ ਰਿਧਮਿਕ ਯੋਗਾ ਚ ਬੱਚੀ ਸੁਨੇਹਾ ਸ਼ਰਮਾ ਨੇ ਸਿਲਵਰ ਮੈਡਲ ਜਿੱਤ ਕੇ ਸਾਰੇ ਪੰਜਾਬ ਵਿੱਚੋਂ ਦੂਸਰਾ ਸਥਾਨ ਅਤੇ ਆਰਟਿਸਟਕ ਯੋਗਾ ਚ ਮਨਸੀਰਤ ਕੌਰ ਨੇ ਸਾਰੇ ਪੰਜਾਬ ਚ ਤੀਸਰਾ ਸਥਾਨ ਹਾਸਿਲ ਕੀਤਾ। ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਰਾਜੇਸ਼ ਕੁਮਾਰ, ਉਪ ਜਿਲਾ ਸਿੱਖਿਆ ਅਫ਼ਸਰ ਸ਼੍ਰੀ ਸੁਰਿੰਦਰ ਕੁਮਾਰ, ਬੀ ਪੀ ਓ ਸ਼੍ਰੀ ਜਸਵਿੰਦਰ ਸਿੰਘ, ਸ਼੍ਰੀ ਅਸ਼ਵਨੀ ਕੁਮਾਰ, ਮੈਡਮ ਪਰਮਜੀਤ ਕੌਰ, ਸ੍ਰੀ ਮਨਜਿੰਦਰ ਸਿੰਘ, ਸ਼੍ਰੀ ਦਿਲਬਾਗ ਸਿੰਘ, ਡੀ ਐੱਸ ਓ ਸ੍ਰੀ ਜੁਗਰਾਜ ਸਿੰਘ ਅਤੇ ਸਾਰੇ ਬੀ ਐਸ ਓ ਵੱਲੋਂ ਪੰਜਾਬ ਪ੍ਰਾਇਮਰੀ ਖੇਡਾਂ 2024 ਵਿੱਚ ਪ੍ਰਾਪਤ ਕੀਤੀ ਇਸ ਸ਼ਾਨਦਾਰ ਪ੍ਰਾਪਤੀ ਉੱਤੇ ਜ਼ਿਲ੍ਹਾ ਤਰਨਤਾਰਨ ਦੇ ਇਨ੍ਹਾਂ ਬੱਚਿਆਂ ਅਤੇ ਨਾਲ ਗਏ ਕੋਚ ਅਧਿਆਪਕਾਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਇਸ ਸ਼ਾਨਦਾਰ ਸਫਲਤਾ ਨਾਲ ਸਾਰੇ ਜਿਲ੍ਹੇ ਦੇ ਪ੍ਰਾਇਮਰੀ ਅਧਿਆਪਕਾਂ ਚ ਖੁਸ਼ੀ ਦੀ ਲਹਿਰ ਹੈ ਅਤੇ ਜਿਹੜੇ ਯਤਨ ਪ੍ਰਾਇਮਰੀ ਅਧਿਆਪਕਾਂ ਵਲੋਂ ਕੀਤੇ ਗਏ ਹਨ ਉਹ ਸ਼ਲਾਘਾ ਯੋਗ ਹਨ। ਜਿਹਨਾਂ ਸਦਕਾ ਸਾਰੇ ਪੰਜਾਬ ਚ ਆਪਣੇ ਜ਼ਿਲ੍ਹੇ ਦਾ ਨਾਂ ਰੌਸ਼ਨ ਹੋਇਆ ਹੈ ਇਸ ਮੌਕੇ ਅਫ਼ਸਰ ਸਾਹਿਬਾਨ ਵੱਲੋਂ ਅੱਗੇ ਵੀ ਇੰਝ ਮਿਹਨਤ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ ਗਈ।