
- ਵਧੀਕ ਡਿਪਟੀ ਕਮਿਸ਼ਨਰ ਨੇ ਖ਼ੂਨ ਦਾਨ ਕਰਕੇ ਸ਼ਹਾਦਤ ਨੂੰ ਕੀਤਾ ਯਾਦ
ਅੰਮ੍ਰਿਤਸਰ, 24 ਦਸੰਬਰ 2024 : ਪੀ ਬੀ ਜੀ ਵੈਲਫੇਅਰ ਕਲੱਬ ਅਤੇ ਇਸਕਾਨ ਵੱਲੋਂ ਅੰਮ੍ਰਿਤਸਰ ਵਿਖੇ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਦੀ ਲਾਸਾਨੀ ਸ਼ਹਾਦਤ, ਬਾ-ਕਮਾਲ ਦਲੇਰੀ ਅਤੇ ਕੁਰਬਾਨੀ ਨੂੰ ਯਾਦ ਕਰਦੇ ਹੋਏ ਖੂਨਦਾਨ ਕੈਂਪ, ਗਤਕੇ ਦਾ ਪ੍ਰਦਰਸ਼ਨ, ਚਾਰ ਸਾਹਿਬਜ਼ਾਦੇ ਫਿਲਮ ਦਾ ਪ੍ਰਦਰਸ਼ਨ ਅਤੇ ਸਿੱਖ ਇਤਿਹਾਸ ਨੂੰ ਸਮਰਪਿਤ ਕੁਇਜ਼ ਮੁਕਾਬਲੇ ਕਰਵਾਏ ਗਏ। ਦੇਖ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ਼੍ਰੀ ਅਮਿਤ ਸਰੀਨ ਨੇ ਇਸ ਮੌਕੇ ਖ਼ੁਦ ਖੂਨ ਦਾਨ ਕਰਕੇ ਸਾਹਿਬਜਾਦਿਆਂ ਦੀ ਵੱਡਮੁੱਲੀ ਸ਼ਹਾਦਤ ਨੂੰ ਯਾਦ ਕੀਤਾ। ਬੱਚਿਆਂ ਤੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਬੱਚਿਆਂ ਨੇ ਬਹੁਤ ਹੀ ਖੂਬਸੂਰਤ ਦਸਤਾਰਾਂ ਸਜਾਈਆਂ। ਇਸ ਮੌਕੇ ਉਹਨਾਂ ਨੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨਾਂ ਚਾਰ ਸਾਹਿਬਜਾਦਿਆਂ ਨੇ ਧਰਮ ਦੀ ਖਾਤਿਰ ਲਾਸਾਨੀ ਸ਼ਹਾਦਤ ਦਿੱਤੀ ਸੀ। ਉਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਆਪਣੇ ਪਿਤਾ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸਮਰਪਨ ਦੀ ਭਾਵਨਾ ਅੱਜ ਸਾਡੇ ਬੱਚਿਆਂ ਲਈ ਉਤਸ਼ਾਹ, ਦੇਸ਼ ਭਗਤੀ, ਕੌਮ ਪ੍ਰਸਤੀ ਅਤੇ ਸਮਰਪਨ ਦਾ ਸੋਮਾ ਹੈ। ਇਨ੍ਹਾਂ ਸ਼ਹਾਦਤਾਂ ਤੋਂ ਸਾਨੂੰ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ ਅਤੇ ਸਿਖਣਾ ਚਾਹੀਦਾ ਹੈ ਕਿ ਕਿਵੇਂ ਆਪਾ ਵਾਰ ਕੇ ਦੇਸ਼ ਤੇ ਕੌਮ ਦੀ ਰੱਖਿਆ ਕਰਨੀ ਹੈ। ਇਸ ਮੌਕੇ ਹਾਜ਼ਰੀਨ ਨੂੰ ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਦੀ ਸਹੁੰ ਵੀ ਚੁਕਾਈ ਗਈ।