4 ਜਨਵਰੀ ਨੂੰ ਉਸਾਰੀ ਕਿਰਤੀਆਂ ਲਈ ਛੇਹਰਟਾ ਵਿਖੇ ਲੱਗੇਗਾ ਕੈਂਪ – ਡਿਪਟੀ ਡਾਇਰੈਕਟਰ

ਅੰਮ੍ਰਿਤਸਰ 3 ਜਨਵਰੀ 2025 : ਡਿਪਟੀ ਡਾਇਕਟਰ ਸ੍ਰੀ ਗੁਰਜੰਟ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਵੱਖ ਵੱਖ ਸਹੂਲਤਾਂ ਉਸਾਰੀ ਕਿਰਤੀਆਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਉਨਾਂ ਨੂੰ ਇਹ ਸਹੂਲਤਾਂ ਪਹੁੰਚਾਉਣ ਲਈ 4 ਜਨਵਰੀ ਨੂੰ ਸਵੇਰੇ 8:30 ਵਜੇ ਤੋਂ 12:00 ਵਜੇ ਤੱਕ ਛੇਹਰਟਾ ਚੌਂਕ ਵਿਖੇ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵਲੋਂ ਰਾਜ ਮਿਸਤਰੀ, ਤਰਖਾਣ, ਵੈਲਡਰ, ਇਲੈਕਟ੍ਰੀਸ਼ਨ, ਸੀਵਰਮੈਨ, ਮਾਰਬਲ-ਟਾਇਲਾਂ ਲਗਾਉਣ ਵਾਲੇ, ਫਰਸ਼ ਰਗੜਾਈ ਕਰਨ ਵਾਲੇ, ਪੇਂਟਰ, ਪੀ.ਓ.ਪੀ. ਕਰਨ ਵਾਲੇ , ਸੜਕਾਂ ਬਣਾਉਣ ਵਾਲੇ, ਇਮਾਰਤਾਂ ਅਤੇ ਹੋਰ ਬਣੀਆਂ ਬਿਲਡਿੰਗਾਂ ਨੂੰ ਢਾਹੁਣ ਵਾਲੇ, ਮੁਰੰਮਤ ਅਤੇ ਰੱਖ ਰਖਾਓ ਕਰਨ ਵਾਲੇ, ਭੱਠਿਆਂ ਉੱਤੇ ਕੰਮ ਕਰਨ ਵਾਲੇ ਪਥੇਰ ਕਿਰਤੀ ਆਦਿ ਲਾਭਪਾਤਰੀ ਬਣ ਕੇ ਸਰਕਾਰੀ ਸਕੀਮਾਂ ਦਾ ਲਾਭ ਲੈ ਸਕਦੇ ਹਨ। ਉਨਾਂ ਦੱਸਿਆ ਕਿ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਉਸਾਰੀ ਕਿਰਤੀ ਦੀ ਉਮਰ ਘੱਟੋ-ਘੱਟ 18 ਤੋਂ 60 ਸਾਲ ਹੋਣੀ ਚਾਹੀਦੀ ਹੈ। ਪਿਛਲੇ ਸਾਲ (12 ਮਹੀਨਿਆਂ) ਦੌਰਾਨ ਉਸਾਰੀ ਕਿਰਤੀ ਵਲੋਂ ਪੰਜਾਬ ਰਾਜ ਵਿੱਚ (ਨਿਰਮਾਣ ਕਾਰਜਾਂ/ਉਸਾਰੀ ਕੰਮਾਂ ਵਿੱਚ ਘੱਟੋ-ਘੱਟ 90 ਦਿਨ ਕੰਮ ਕੀਤਾ ਹੋਵੇ, ਉਹ ਕਿਰਤੀ ਇਸ ਸਕੀਮਾਂ ਦਾ ਲਾਭ ਲੈ ਸਕਦਾ ਹੈ। ਉਨਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਭਪਾਤਰੀ ਆਪਣੀ ਰਜਿਸਟਰੇਸ਼ਨ ਸੇਵਾ ਕੇਂਦਰ ਰਾਹੀਂ ਜਾਂ ਮੋਬਾਇਲ ਐਪ Punjab Kirti Sahayak ਰਾਹੀਂ ਕਰਵਾ ਸਕਦੇ ਹਨ। ਇਸ ਲਈ ਉਨਾਂ ਪਾਸ ਕਿਰਤੀ ਦਾ ਆਧਾਰ ਕਾਰਡ, ਜਨਮਮਿਤੀ ਦਾ ਸਬੂਤ ਹੋਣਾ ਲਾਜ਼ਮੀ ਹੈ। ਉਨਾਂ ਦੱਸਿਆ ਕਿ ਰਜਿਸਟਰੇਸ਼ਨ ਹੋਣ ਵਾਲੇ ਉਸਾਰੀ ਕਿਰਤੀਆਂ ਨੂੰ ਵਜੀਫਾ ਸਕੀਮ, ਸ਼ਗਨ ਸਕੀਮ, ਪ੍ਰਸੁਤਾ ਲਾਭ ਸਕੀਮ, ਬਾਲੜੀ ਤੋਹਫਾ ਸਕੀਮ, ਦਾਹ ਸੰਸਕਾਰ ਸਕੀਮ, ਜਨਰਲ ਸਰਜਰੀ, ਯਾਤਰਾ ਭੱਤਾ, ਪੈਨਸ਼ਨ ਸਕੀਮ, ਟੂਲ ਕਿੱਟ ਸਕੀਮ, ਐਨਕ/ਦੰਦ/ਸੁਣੰਨ ਦੇ ਯੰਤਰ ਅਤੇ ਪੜ੍ਹਾਈ ਅਤੇ ਖੇਡਾਂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਤੇ ਲਾਭ ਪ੍ਰਾਪਤ ਕਰ ਸਕਦਾ ਹੈ।