- 70 ਕਰੋੜ ਰੁਪਏ ਦੀ ਲਾਗਤ ਨਾਲ ਸੁਖਾਲਾ ਹੋਵੇਗਾ ਗੁਰੂ ਨਗਰੀਆਂ ਦਾ ਰਸਤਾ
ਤਰਨ ਤਾਰਨ, 30 ਜਨਵਰੀ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈਟੀਓ ਮਾਝਾ ਖੇਤਰ ਦੇ ਦੋ ਇਤਿਹਾਸਕ ਜ਼ਿਲਿਆਂ ਅੰਮ੍ਰਿਤਸਰ ਅਤੇ ਤਰਨਤਾਰਨ ਨੂੰ ਜੋੜਨ ਵਾਲੀ ਪੁਰਾਣੀ ਐਨ.ਐਚ-15/54 ਸੜਕ ਨੂੰ 69.67 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਮਾਰਗੀ ਸੜਕ ਵਿੱਚ ਅਪਗ੍ਰੇਡ ਕਰਨ ਦੀ ਸ਼ੁਰੂਆਤ 01 ਫਰਵਰੀ ਨੂੰ ਕਰਨਗੇ, ਜਿਸ ਨਾਲ ਇਸ ਸੜਕ ਉਤੇ ਜਾਣ ਵਾਲੇ ਯਾਤਰੀਆਂ ਅਤੇ ਰੋਜਾਨਾ ਸਫਰ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਇਹ ਪ੍ਰਗਟਾਵਾ ਕਰਦੇ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਸਿੰਘ ਨੇ ਦੱਸਿਆ ਕਿ ਇਸ ਸਮੇਂ ਸੜਕ ਦੇ ਇਸ ਹਿੱਸੇ ਦਾ ਕੈਰੇਜਵੇਅ 9.75 ਮੀਟਰ ਹੈ ਅਤੇ ਲੋਕ ਨਿਰਮਾਣ ਵਿਭਾਗ ਕੋਲ ਲੋੜੀਂਦਾ ਰਸਤਾ ਉਪਲੱਬਧ ਹੈ, ਇਸ ਲਈ ਪ੍ਰੋਜੈਕਟ ਵਾਸਤੇ ਜ਼ਮੀਨ ਐਕਵਾਇਰ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਕੁੱਲ ਸਿਵਲ ਲਾਗਤ 61.24 ਕਰੋੜ ਰੁਪਏ ਹੈ ਅਤੇ ਉਪਯੋਗਤਾ ਤਬਦੀਲੀ (ਜੰਗਲਾਤ ਜ਼ਮੀਨ ਨੂੰ ਮੋੜਨਾ, ਰੁੱਖਾਂ ਦੀ ਕਟਾਈ, ਬਿਜਲੀ ਅਤੇ ਹੋਰਾਂ ਸਮੇਤ) ਦੀ ਲਾਗਤ 8.43 ਕਰੋੜ ਰੁਪਏ ਹੈ। ਇਸ ਤਰਾਂ ਕੁੱਲ ਲਾਗਤ 70 ਕਰੋੜ ਰੁਪਏ ਦੇ ਕਰੀਬ ਆਵੇਗੀ। ਹੋਰ ਜਾਣਕਾਰੀ ਦਿੰਦਿਆਂ ਡਾ. ਕਸ਼ਮੀਰ ਸਿੰਘ ਸੋਹਲ ਨੇ ਦੱਸਿਆ ਕਿ ਇਹ 2 ਮਹੱਤਵਪੂਰਨ ਜ਼ਿਲ੍ਹੇ ਪੁਰਾਣੇ ਰਾਸ਼ਟਰੀ ਮਾਰਗ ਦੁਆਰਾ ਜੁੜੇ ਹੋਏ ਸਨ ਅਤੇ ਹੁਣ ਇਸ ਮਾਰਗ ਨੂੰ ਅੰਮ੍ਰਿਤਸਰ-ਬਠਿੰਡਾ ਮਾਰਗ (ਐਨ.ਐਚ-54) ਰਾਹੀਂ ਬਾਈਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵੀਂ ਸੜਕ ਬਣਨ ਤੋਂ ਬਾਅਦ ਵੀ ਇਸ ਮਾਰਗ ’ਤੇ ਆਵਾਜਾਈ ਕਈ ਗੁਣਾ ਵਧ ਗਈ ਹੈ ਅਤੇ ਇਸ ਮਾਰਗ ’ਤੇ ਮੌਜੂਦਾ ਆਵਾਜਾਈ 50,000 ਪੀ.ਸੀ.ਯੂ. ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਇਸ ਮਾਰਗ ਦਾ ਆਪਣਾ ਮਹੱਤਵ ਹੈ ਕਿਉਂਕਿ ਇਸ ’ਤੇ ਕਈ ਇਤਿਹਾਸਕ ਗੁਰਦੁਆਰਾ ਸਾਹਿਬ ਸਥਿਤ ਹਨ। ਡਾ. ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਮਾਰਗ ਪੰਜਾਬ ਸ਼ਹਿਰੀ ਯੋਜਨਾ ਅਤੇ ਵਿਕਾਸ ਅਥਾਰਟੀ ਦੇ ਮਾਸਟਰ ਪਲਾਨ ਅਧੀਨ ਵੀ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ’ਤੇ ਝੋਨੇ ਦੀ ਪ੍ਰੋਸੈਸਿੰਗ ਦੇ ਮੈਗਾ ਯੂਨਿਟ ਅਤੇ ਕਈ ਰਾਈਸ ਮਿੱਲਾਂ ਸਥਿਤ ਹਨ ਅਤੇ ਇਹ ਅੰਮ੍ਰਿਤਸਰ ਦੇ ਨਾਲ-ਨਾਲ ਤਰਨਤਾਰਨ ਦੀਆਂ ਵੱਡੀਆਂ ਅਨਾਜ ਮੰਡੀਆਂ ਲਈ ਪਹੁੰਚ ਮਾਰਗ ਵਜੋਂ ਵੀ ਕੰਮ ਕਰਦਾ ਹੈ। ਉਨਾਂ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਹਾਲ ਹੀ ਵਿੱਚ ਲੈਵਲ ਕਰਾਸਿੰਗ ਏ-12 ’ਤੇ ਐਮ.ਆਰ.ਟੀ.ਐਂਡ.ਐਚ ਦੇ ਫੰਡਾਂ ਨਾਲ ਇੱਕ ਨਵਾਂ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਬਣਾਇਆ ਗਿਆ ਹੈ ਅਤੇ ਇਸ ਮਾਰਗ ’ਤੇ ਲੈਵਲ ਕਰਾਸਿੰਗ ਏ-25 ’ਤੇ ਇੱਕ ਹੋਰ ਆਰ.ਓ.ਬੀ ਜਲਦੀ ਹੀ ਇਸ ਪ੍ਰੋਜੈਕਟ ਵਜੋਂ ਸ਼ੁਰੂ ਹੋਣ ਜਾ ਰਿਹਾ ਹੈ, ਜੋ ਟੈਂਡਰ ਪ੍ਰਕਿਰਿਆ ਅਧੀਨ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਚਹੁੰ ਮਾਰਗੀ ਕਰਨ ਨਾਲ ਨਾ ਸਿਰਫ਼ ਆਵਾਜਾਈ ਨੂੰ ਸੁਖਾਲਾ ਬਣਾਉਣ ਵਿੱਚ ਮੱਦਦ ਮਿਲੇਗੀ ਸਗੋਂ ਇਸ ਸੜਕ ਦੇ ਨਾਲ ਲੱਗਦੇ ਖੇਤਰਾਂ ਦੇ ਵਿਕਾਸ ਵਿੱਚ ਵੀ ਤੇਜ਼ੀ ਆਵੇਗੀ |