- ਦਾਖਲੇ ਲਈ 20 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਆਨ-ਲਾਈਨ ਅਪਲਾਈ
- ਨੌਜਵਾਨਾਂ ਲਈ ਰੋਜ਼ਗਾਰ ਦਾ ਰਾਹ ਖੋਲ੍ਹਦੀਆਂ ਹਨ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ
ਗੁਰਦਾਸਪੁਰ, 17 ਜੁਲਾਈ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਉਦਯੋਗਿਕ ਖੇਤਰ ਵਿੱਚ ਹੁਨਰਮੰਦ ਬਣਾਉਣ ਲਈ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਵੱਖ-ਵੱਖ ਟਰੇਡਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਨ੍ਹਾਂ ਕੋਰਸਾਂ ਲਈ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਆਨ-ਲਾਈਨ ਦਾਖਲਾ ਚੱਲ ਰਿਹਾ ਹੈ ਜਿਸਦੀ ਆਨ-ਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਕ 20 ਜੁਲਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਰਕਾਰੀ ਆਈ.ਟੀ.ਆਈ. ਗੁਰਦਾਸਪੁਰ, ਸਰਕਾਰੀ ਆਈ.ਟੀ.ਆਈ. ਗੁਰਦਾਸਪੁਰ (ਇਸਤਰੀਆਂ), ਸਰਕਾਰੀ ਆਈ.ਟੀ.ਆਈ. ਬਟਾਲਾ, ਸਰਕਾਰੀ ਆਈ.ਟੀ.ਆਈ. ਡੇਰਾ ਬਾਬਾ ਨਾਨਕ (ਇਸਤਰੀਆਂ), ਸਰਕਾਰੀ ਆਈ.ਟੀ.ਆਈ. ਫ਼ਤਹਿਗੜ੍ਹ ਚੂੜੀਆਂ (ਇਸਤਰੀਆਂ), ਸਰਕਾਰੀ ਆਈ.ਟੀ.ਆਈ. ਫ਼ਤਹਿਗੜ੍ਹ ਚੂੜੀਆਂ (ਐੱਸ.ਸੀ), ਸਰਕਾਰੀ ਆਈ.ਟੀ.ਆਈ. ਕਲਾਨੌਰ, ਸਰਕਾਰੀ ਆਈ.ਟੀ.ਆਈ. ਕਾਦੀਆਂ, ਸਰਕਾਰੀ ਆਈ.ਟੀ.ਆਈ. ਦੋਦਵਾਂ, ਸਰਕਾਰੀ ਆਈ.ਟੀ.ਆਈ. ਚੀਮਾ-ਖੁੱਡੀ ਸਮੇਤ ਕੁੱਲ 10 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਚੱਲ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਇਨ੍ਹਾਂ ਸਰਕਾਰੀ ਆਈ.ਟੀ.ਆਈਜ਼ ਵਿੱਚ ਵੱਖ-ਵੱਖ ਟਰੇਡਾਂ ਦੇ ਆਨ ਲਾਈਨ ਦਾਖਲੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਆਈ.ਟੀ.ਆਈ. ਦੀਆਂ ਟਰੇਡਾਂ ਵਿੱਚ 8ਵੀਂ ਅਤੇ 10ਵੀਂ ਪਾਸ ਵਿਦਿਆਰਥੀ ਦਾਖਲਾ ਲੈ ਸਕਦੇ ਹਨ ਅਤੇ ਦਾਖਲਾ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀ ਮੈਰਿਟ ਦੇ ਅਧਾਰ ’ਤੇ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਆਈ.ਟੀ.ਆਈਜ਼ ਵਿੱਚ ਕਰੀਬ 26 ਟਰੇਡਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਫਿਟਰ, ਇਲੈਕਟ੍ਰੀਸ਼ਨ, ਮਸ਼ੀਨਿਸਟ, ਮੋਟਰ ਮਕੈਨਿਕ, ਰੈਫੀਰੀਜੇਰੇਟਰ ਅਤੇ ਏਅਰ ਕੰਡੀਸ਼ਨਰ, ਇਲੈਕਟ੍ਰੋਨਿਕਸ, ਇੰਨਫਰਮੇਸ਼ਨ ਟੈਕਨੋਲੌਜੀ, ਡਰਾਫ਼ਟਸਮੈਨ ਸਿਵਲ, ਡਰਾਫਟਸਮੈਨ ਮਕੈਨਿਕ, ਡੀਜ਼ਲ ਮਕੈਨਿਕ, ਕੰਪਿਊਟਰ ਹਾਰਡਵੇਅਰ, ਸਰਫੇਸ ਓਰਨਾਮੈਂਨਟੇਸ਼ਨ ਕਢਾਈ, ਕਾਸਮੈਟੋਲੋਜੀ, ਫੈਸ਼ਨ ਡਿਜ਼ਾਇਨਿੰਗ ਟੈਕਨੋਲੌਜੀ, ਡਰੈੱਸ ਮੇਕਿੰਗ, ਟੀਚਰ ਟ੍ਰੇਨਿੰਗ, ਸਰਵੇਅਰ, ਕੋਪਾ, ਮੈਕਨਿਕ ਆਟੋ ਇਲੈਕਟ੍ਰੀਸ਼ਨ ਅਤੇ ਵਾਇਰਮੈਨ ਦੀ ਟਰੇਡ ਲਈ 10ਵੀਂ ਪਾਸ ਵਿਦਿਆਰਥੀ ਦਾਖਲਾ ਲੈ ਸਕਦੇ ਹਨ। ਇਸ ਤੋਂ ਇਲਾਵਾ 8ਵੀਂ ਪਾਸ ਨੌਜਵਾਨਾਂ ਵੈਲਡਰ, ਪਲੰਬਰ, ਕਾਰਪੈਂਟਰ, ਟਰੈਕਟਰ ਮਕੈਨਿਕ, ਸੁਇੰਗ ਟੈਕਨੋਲੌਜੀ ਵਿੱਚ ਦਾਖਲਾ ਲੈ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਉਪਰੋਕਤ ਟਰੇਡਾਂ ਲਈ ਆਨ-ਲਾਈਨ ਦਾਖਲਾ ਚੱਲ ਰਿਹਾ ਹੈ ਅਤੇ ਅਤੇ ਦਾਖਲੇ ਲਈ ਆਨ-ਲਾਈਨ ਰਜਿਜ਼ਟਰੇਸ਼ਨ ਦੀ ਆਖਰੀ ਮਿਤੀ 20 ਜੁਲਾਈ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਵਿਦਿਆਰਥੀ ਆਪਣੀ ਪਸੰਦੀਦਾ ਟਰੇਡ ਵਿੱਚ ਦਾਖਲਾ ਲੈਣ ਲਈ ਆਪਣੀ ਨੇੜੇ ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿੱਚ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਐੱਸ.ਸੀ. ਕੈਟਾਗਰੀ ਦੇ ਵਿਦਿਆਰਥੀਆਂ ਜਿਨ੍ਹਾਂ ਕੋਲ ਘੱਟ ਆਮਦਨ ਦਾ ਸਰਟੀਫਿਕੇਟ ਹੋਵੇਗਾ ਉਨ੍ਹਾਂ ਕੋਲੋਂ ਕੇਵਲ 100 ਰੁਪਏ ਫੀਸ ਲਈ ਜਾਂਦੀ ਹੈ। ਇਸ ਤੋਂ ਇਲਾਵਾ ਯੋਗ ਐੱਸ.ਸੀ. ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਵਜ਼ੀਫਾ ਵੀ ਦਿੱਤਾ ਜਾਂਦਾ ਹੈ ਅਤੇ ਕੋਰਸ ਮੁਕੰਮਲ ਹੋਣ ’ਤੇ ਟੂਲ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਦਾਖਲਾ ਲੈ ਕੇ ਆਪਣੇ ਆਪ ਨੂੰ ਹੁਨਰਮੰਦ ਬਣਾਉਣ ਤਾਂ ਜੋ ਉਹ ਵਧੀਆ ਰੁਜ਼ਗਾਰ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਦੀਆਂ ਹਨ।