ਬਟਾਲਾ, 7 ਸਤੰਬਰ 2024 : ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਦੀ ਅਗਵਾਈ ਹੇਠ ਜਿਲ੍ਹਾ ਪਰਸ਼ਾਸਨ ਵਲੋਂ ਵਿਆਹ ਪੁਰਬ ਸਮਾਗਮ ਵਿੱਚ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਪਰਬੰਧ ਕੀਤੇ ਜਾ ਰਹੇ ਹਨ, ਤਾਂ ਜੋ ਦੇਸ਼ ਵਿਦੇਸ਼ ਤੋਂ ਬਟਾਲਾ ਦੀ ਧਰਤੀ ਤੇ ਨਤਮਸਤਕ ਹੋਣ ਲਈ ਪਹੁੰਚ ਰਹੀ ਸੰਗਤ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਡਾ ਸ਼ਾਇਰੀ ਭੰਡਾਰੀ,ਐਸਡੀਐਮ-ਕਮ- ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮਾਗਮ 9 ਅਤੇ 10 ਸਤੰਬਰ ਨੂੰ ਮਨਾਏ ਜਾ ਰਹੇ ਹਨ, ਜਿਸ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਹਨ। ਲੋਕ ਸ਼ਹਿਰ ਵਿੱਚ ਮੋਟਰ ਸਾਈਕਲ/ਕਾਰਾਂ/ਟਰੈਕਟਰ ਟਰਾਲੀਆਂ ਆਦਿ ਲੈ ਕੇ ਮੇਲੇ ਵਿੱਚ ਘੁੰਮਦੇ ਹਨ, ਜਿਸ ਕਰਕੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਤੇ ਅਮਨ ਸ਼ਾਂਤੀ ਭੰਗ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਵਲੋਂ ਬਟਾਲਾ ਸ਼ਹਿਰ ਨੂੰ 8 ਸੈਕਟਰਾਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਆਰਜ਼ੀ 05 ਬੱਸ ਅੱਡੇ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਗੋਖੁਵਾਲ ਬਾਈਪਾਸ, ਜੋ ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ ਅਤੇ ਕਲਾਨੌਰ ਵੱਲੋਂ ਆਉਂਦੀ ਟਰੈਫਿਕ ਲਈ ਹੋਵੇਗਾ। ਕੰਡਿਆਲ ਬਾਈਪਾਸ, ਜੋ ਅੰਮ੍ਰਿਤਸਰ, ਅਤੇ ਗੁਰਦਾਸਪੁਰ, ਪਠਾਨਕੋਟ ਵਾਲੀ ਸਾਈਡ ਵੱਲੋਂ ਆਉਂਦੀ ਟਰੈਫਿਕ ਲਈ ਹੋਵੇਗਾ। ਜਲ਼ੰਧਰ ਬਾਈਪਾਸ, ਮਹਿਤਾ, ਬਿਆਸ ਅਤੇ ਜਲੰਧਰ ਵਾਲੀ ਸਾਈਡ ਵੱਲੋਂ ਆਉਂਦੀ ਟਰੈਫਿਕ ਲਈ ਹੋਵੇਗਾ। 100 ਫੁੱਟੀ ਰੋਡ ਨੇੜੇ ਧੁੱਪਸੜੀ, ਜੋ ਕਾਦੀਆਂ, ਕਾਹਨੂੰਵਾਨ ਵੱਲੋਂ ਆਉਂਦੀ ਟਰੈਫਿਕ ਲਈ ਹੋਵੇਗਾ ਅਤੇ ਪੁਰਾਣਾ ਬਾਈਪਾਸ ਚੌਂਕ ਭਗਵਾਨ ਅਗਰੈਸਨ ਚੌਂਕ, ਜੋ ਅੰਮ੍ਰਿਤਸਰ ਵਾਲੀ ਸਾਈਡ ਵੱਲੋਂ ਆਉਂਦੀ ਟਰੈਫਿਕ ਲਈ ਹੋਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਿਆਹ ਪੁਰਬ ਨੂੰ ਮੁੱਖ ਰੱਖਦੇ ਹੋਏ ਇਹ ਆਰਜ਼ੀ ਬੱਸ ਅੱਡੇ ਬਣਾਏ ਗਏ ਹਨ ਤਾਂ ਜੋ ਮੇਲੇ ਵਿੱਚ ਆਉਣ ਵਾਲੀ ਸੰਗਤ ਨੂੰ ਕੋਈ ਪਰੇਸ਼ਾਨੀ ਪੇਸ਼ ਨਾ ਆਵੇ। ਇਹ ਆਰਜ਼ੀ ਬੱਸ ਅੱਡੇ ਦੋ ਦਿਨ 9 ਅਤੇ 10 ਸਤੰਬਰ ਲਈ ਹਨ।