ਟੋਰਾਂਟੋ (ਭੁਪਿੰਦਰ ਸਿੰਘ ਠੁੱਲੀਵਾਲ) : ਪੰਜਾਬੀ ਭਵਨ ਬਰੈਂਪਟਨ ਕੈਨੇਡਾ ਵਿਖੇ ਪੰਜਾਬੀ ਦੇ ਨਾਮਵਰ ਸਾਹਿਤਕਾਰਾਂ ਅਤੇ ਬਹੁਤ ਸਾਰੇ ਪੰਜਾਬੀ ਪ੍ਰੇਮੀਆਂ ਦੀ ਮੌਜੂਦਗੀ ਵਿਚ ਤ੍ਰੈ-ਮਾਸਿਕ ਪੰਜਾਬੀ ਮੈਗਜ਼ੀਨ ਅੰਤਰਰਾਸ਼ਟਰੀ 'ਨਕਸ਼ ਪੰਜਾਬੀ ਦੇ ਪ੍ਰਵੇਸ਼ ਅੰਕ' ਦਾ ਰਿਲੀਜ਼ ਸਮਾਰੋਹ ਸੰਪਨ ਹੋਇਆ। ਸਭ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਲਈ ਚਾਹ ਪਾਣੀ ਤੇ ਖਾਣ ਪੀਣ ਦਾ ਪ੍ਰਬੰਧ ਸੀ। ਪ੍ਰੋਗਰਾਮ ਦੀ ਸ਼ੁਰੂਆਤ ਠੀਕ ਢਾਈ ਵਜੇ ਪੰਜਾਬੀ ਨਕਸ਼ ਦੇ ਸਰਪ੍ਰਸਤ ਡਾ. ਕੁਲਜੀਤ ਸਿੰਘ ਜੰਜੂਆ ਨੇ ਆਪਣੇ ਸੰਖੇਪ ਪਰ ਭਾਵਪੂਰਤ ਲਫ਼ਜ਼ਾਂ ਵਿੱਚ ਪਹੁੰਚੇ ਮਹਿਮਾਨਾਂ ਨੂੰ ਬੜੇ ਹੀ ਅਦਬ ਅਤੇ ਸਤਿਕਾਰ ਨਾਲ ਜੀ ਆਇਆਂ ਨੂੰ ਕਿਹਾ ਅਤੇ ਨਾਲ ਹੀ ਪ੍ਰਧਾਨਗੀ ਮੰਡਲ ਚ' ਸ਼ੁਸ਼ੋਬਿਤ ਹੋਣ ਲਈ ਡਾ. ਵਨੀਤਾ ਜੀ, ਕੁਲਦੀਪ ਸਿੰਘ ਬੇਦੀ ਜੀ, ਪ੍ਰੋ. ਆਸ਼ਿਕ ਰਹੀਲ ਜੀ ਅਤੇ ਗਜ਼ਲਗੋ ਗੁਰਦਿਆਲ ਰੌਸ਼ਨ ਜੀ ਨੂੰ ਲਈ ਸੱਦਾ ਦਿੱਤਾ। ਪ੍ਰਧਾਨਗੀ ਮੰਡਲ ਦੇ ਬੈਠਣ ਉਪਰੰਤ ਦੇਸ਼ ਵਿਦੇਸ਼ 'ਚ ਵੱਸਦੇ ਸਾਹਿਤਕਾਰਾਂ ਅਤੇ ਵਿਦਵਾਨਾਂ ਦੇ ਵਿਚਾਰ ਅਤੇ ਵਧਾਈ ਸੰਦੇਸ਼ ਜੋ ਉਹਨਾਂ ਨੇ ਵੀਡੀ? ਕਲਿੱਪਾਂ ਰਾਹੀਂ ਪੰਜਾਬੀ ਨਕਸ਼ ਨੂੰ ਭੇਜੇ ਸਨ, ਸਕਰੀਨ ਤੇ ਚਲਾ ਕੇ ਸੁਣਾਏ ਗਏ। ਸੰਦੇਸ਼ ਭੇਜਣ ਵਾਲਿਆਂ 'ਚ ਪਾਕਿਸਤਾਨ ਦੇ ਉੱਘੇ ਕਵੀ ਅਫ਼ਜ਼ਲ ਸਾਹਿਰ, ਡਾ. ਕਲਿਆਣ ਸਿੰਘ ਕਲਿਆਣ, ਚੜ੍ਹਦੇ ਪੰਜਾਬ ਤੋਂ ਕਵੀ ਸ਼ੁਕਰਗੁਜ਼ਾਰ, ਕਵੀ ਅਤੇ ਪੱਤਰਕਾਰ ਐਨ ਨਵਰਾਹੀ, ਨਿਵੇਦਿਤਾ ਸ਼ਰਮਾ ਮੁਖੀ ਪੰਜਾਬੀ ਵਿਭਾਗ ਜੇ ਬੀ ਸੀ ਕਾਲਜ ਦਸੂਹਾ, ਪ੍ਰਿੰਸੀਪਲ ਹਰਵਿੰਦਰ ਮੁਖੀ ਪਾਹਲ ਐਨ.ਜੀ.?, ਵਿਸ਼ਾਲ ਬਿਆਸ ਸੰਪਾਦਕ ਅੱਖਰ ਮੈਗਜ਼ੀਨ, ਨੌਜਵਾਨ ਲੇਖਕ ਅਰਤਿੰਦਰ ਅਤੇ ਅਮਰੀਕਾ ਤੋਂ ਗ਼ਜ਼ਲਗੋ ਰਾਜ ਲਾਲੀ ਬਟਾਲਾ ਸ਼ਾਮਿਲ ਸਨ। ਵਧਾਈ ਸੰਦੇਸ਼ਾਂ ਤੋਂ ਬਾਅਦ ਸੰਪਾਦਕਾ ਸੋਨੀਆ ਮਨਜਿੰਦਰ ਨੇ ਆਏ ਹੋਏ ਮਹਿਮਾਨਾਂ ਨੂੰ ਮੋਹ ਭਰੇ ਲਫ਼ਜ਼ਾਂ ਨਾਲ ਜੀ ਆਇਆਂ ਕਹਿੰਦੇ ਹੋਏ ਆਪਣੇ ਪਰਿਵਾਰ ਅਤੇ ਨਕਸ਼ ਦੇ ਰਹਿਨੁਮਾ ਡਾ. ਲਖਵਿੰਦਰ ਜੌਹਲ, ਡਾ. ਸੁਰਜੀਤ ਪਾਤਰ ਅਤੇ ਡਾ. ਰਵਿੰਦਰ ਰਵੀ, ਨਕਸ਼ ਦੇ ਸਲਾਹਕਾਰ ਪ੍ਰੋ. ਰਾਮ ਸਿੰਘ, ਪ੍ਰੋ. ਪਿਆਰਾ ਸਿੰਘ ਕੁੱਦੋਵਾਲ ਅਤੇ ਗੁਰਦੇਵ ਚੌਹਾਨ ਸਮੇਤ ਨਕਸ਼ ਦੀ ਪੂਰੀ ਟੀਮ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਇਸ ਦੇ ਨਾਲ ਹੀ ਨਕਸ਼ ਦੇ ਪਿਛੋਕੜ ਤੇ ਨਕਸ਼ ਨੂੰ ਹੋਂਦ ਵਿੱਚ ਲਿਆਉਣ ਬਾਰੇ, ਪੰਜਾਬੀ ਸਾਹਿਤ ਨਾਲ ਹੋ ਰਹੇ ਖਿਲਵਾੜ ਅਤੇ ਕੱਚੀਆਂ ਲਿਖਤਾਂ ਦੇ ਪ੍ਰਦੂਸ਼ਣ ਦੀ ਚਿੰਤਾ ਵਿਅਕਤ ਕਰਦੇ ਹੋਏ ਦੱਸਿਆ ਕਿ ਨਕਸ਼, ਪੰਜਾਬੀ ਸਾਹਿਤ ਵਿੱਚ ਸੂਰਜ ਦਾ ਭਾਵੇਂ ਨਾ ਕੰਮ ਕਰੇ ਪਰ ਦੀਵੇ ਦਾ ਕੰਮ ਜ਼ਰੂਰ ਕਰੇਗਾ। ਸਾਡੇ ਇਸ ਉਪਰਾਲੇ ਨਾਲ ਪਾਠਕਾਂ ਨੂੰ ਚੰਗਾ ਮਿਆਰੀ ਸਾਹਿਤ ਪੜ੍ਹਨ ਨੂੰ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਜਿਥੇ ਨਕਸ਼ ਵਿਚ ਪੰਜਾਬੀ ਦੇ ਉੱਘੇ ਸਾਹਿਤਕਾਰਾਂ ਦੀਆਂ ਰਚਨਾਵਾਂ ਹੋਣਗੀਆਂ ਉਸ ਦੇ ਨਾਲ ਹੀ ਨਵੀਂਆਂ ਕਲਮਾਂ ਨੂੰ ਵੀ ਕੋਸੇ ਚਾਨਣ ਸਿਰਲੇਖ ਅਧੀਨ ਛੱਪਣ ਮੌਕਾ ਮਿਲੇਗਾ। ਨਕਸ਼ ਦੇ ਨਿਰੰਤਰ ਸਫ਼ਰ ਵਿਚ ਰਹਿਣ ਦੀ ਆਸ ਰੱਖਦੇ ਹੋਏ ਉਨ੍ਹਾਂ ਨੇ ਨਕਸ਼ ਨੂੰ ਲੋਕ ਅਰਪਣ ਕੀਤਾ। ਨਕਸ਼ ਦੇ ਲੋਕ ਅਰਪਣ ਤੋਂ ਬਾਅਦ ਪ੍ਰੋ. ਰਾਮ ਸਿੰਘ ਨੇ ਆਪਣਾ ਪਰਚਾ ਪੜ੍ਹਦੇ ਹੋਏ ਦੱਸਿਆ ਕਿ ਨਕਸ਼ ਨੇ ਬਾਰ੍ਹਵੀਂ ਸਦੀ ਤੋਂ ਲੈ ਕੇ ਇੱਕੀਵੀ ਸਦੀ ਦੇ ਸਾਹਿਤ ਨੂੰ ਆਪਣੀ ਬੁੱਕਲ ਵਿੱਚ ਸਮੋਇਆ ਹੈ ਅਤੇ ਸਾਹਿਤ ਦੀਆਂ ਤਕਰੀਬਨ ਸਾਰੀਆਂ ਵੰਨਗੀਆਂ ਸਮੇਟੇ ਹੋਏ 'ਨਕਸ਼' ਸਮਾਜ ਨੂੰ ਇਕ ਸੇਧ ਦੇਣ ਵਾਲਾ ਸਾਹਿਤ ਪ੍ਰਦਾਨ ਕਰ ਰਿਹਾ ਹੈ। ਨਕਸ਼ ਦੀ ਪੂਰੀ ਟੀਮ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਨਕਸ਼ ਨਵੀਂ ਤੇ ਪੁਰਾਣੀ ਪੀੜ੍ਹੀ ਵਿੱਚ ਪੁਲ ਦਾ ਕੰਮ ਕਰੇਗਾ। ਪ੍ਰੋ. ਰਾਮ ਸਿੰਘ ਤੋਂ ਬਾਅਦ ਡਾ. ਵਨੀਤਾ, ਕੁਲਦੀਪ ਬੇਦੀ, ਪ੍ਰੋ. ਆਸ਼ਿਕ ਰਹੀਲ ਅਤੇ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੇ ਨਕਸ਼ ਬਾਰੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਉਨ੍ਹਾਂ ਦਾ ਸਨਮਾਨ ਨਕਸ਼ ਉਕਰੀਆਂ ਲੋਈਆਂ ਨਾਲ ਕੀਤਾ ਗਿਆ।