ਆਕਲੈਂਡ : ਬਰਤਾਨੀਆ ਦੀ ਮਹਾਰਾਣੀ ਅਤੇ ਨਿਊਜ਼ੀਲੈਂਡ ਰਾਜ ਦੀ ਸਾਬਕਾ ਮੁੱਖੀ ਮਹਾਰਾਣੀ ਐਲਿਜ਼ਾਬੇਥ-2 ਦੀ ਨਿੱਘੀ ਯਾਦ ਵਿਚ ਨਿਊਜ਼ੀਲੈਂਡ ਸਰਕਾਰ ਨੇ ਜਿੱਥੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ, ਉਥੇ 26 ਸਤੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਦਫਤਰ ਵੱਲੋਂ ਕੀਤਾ ਗਿਆ। ਇਸ ਜਨਤਕ ਛੁੱਟੀ ’ਤੇ ਸਾਰੀਆਂ ਹੀ ਰਾਜਸੀ ਪਾਰਟੀਆਂ ਵੱਲੋਂ ਆਪਣੀ ਸਹਿਮਤੀ ਦਿੱਤੀ ਹੈ। ਇਸ ਜਨਤਕ ਛੁੱਟੀ ਨੂੰ ‘ਕੁਈਨ ਐਲਿਜ਼ਾਬੇਥ-2 ਮੈਮੋਰੀਅਲ ਡੇਅ’ ਦੇ ਤੌਰ ਉਤੇ ਯਾਦ ਕੀਤਾ ਜਾਵੇਗਾ। ਛੁੱਟੀ ਨੂੰ ਅਮਲ ਵਿਚ ਲਿਆਉਣ ਲਈ ਇਕ ਵਿਧਾਨ ਵੀ ਅਗਲੇ ਹਫਤੇ ਪਾਰਲੀਮੈਂਟ ਦੇ ਵਿੱਚ ਲਿਆਂਦਾ ਜਾਵੇਗਾ। ਮਹਾਰਾਣੀ ਦੀਆਂ ਅੰਤਿਮ ਰਸਮਾਂ ਦੇ ਲਈ ਮਾਣਯੋਗ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਤੇ ਮਾਣਯੋਗ ਗਵਰਨਰ ਜਨਰਲ ਸਿੰਡੀ ਕਿਰੋ 14 ਸਤੰਬਰ ਨੂੰ ਲੰਡਨ ਲਈ ਰਵਾਨਾ ਹੋਣਗੀਆਂ। ਇਸ ਤੋਂ ਬਾਅਦ ਉਹ ਨਿਊਯਾਰਕ ਵਿਖੇ ਜਾਣਗੇ ਜਿੱਥੇ ਯੂਨਾਈਟਿਡ ਨੇਸ਼ਨਜ ਜਨਰਲ ਅਸੈਂਬਲੀ ਹੋ ਰਹੀ ਹੈ, ਜਿੱਥੇ ਕ੍ਰਾਈਸਟਚਰਚ-ਕਾਲ ਵਿਸ਼ੇਸ਼ ਸਬੰਧੀ ਇਕ ਸਮਾਗਮ ਹੈ ਜਿਸ ਵਿੱਚ ਸ਼ਾਮਲ ਹੋ ਕੇ ਉਹ ਨਿਊਜ਼ੀਲੈਂਡ ਦਾ ਪੱਖ ਰੱਖਣਗੇ।