
ਵੈਨਕੂਵਰ, 29 ਅਪ੍ਰੈਲ 2025 : ਕੈਨੇਡਾ ਵਿੱਚ ਹੋਈਆਂ ਆਮ ਚੋਣਾਂ ਵਿੱਚ ਲਿਬਰਲ ਪਾਰਟੀ ਨੇ ਜਿੱਤ ਦਾ ਝੰਡਾ ਲਹਿਰਾਉਂਦਿਆਂ ਆਪਣੀ ਸਰਕਾਰ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇੰਨ੍ਹਾਂ ਚੋਣਾਂ ਵਿੱਚ ਪੰਜਾਬ ਨਾਲ ਸਬੰਧਿਤ 22 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਹ ਪ੍ਰਾਪਤੀ ਨਾ ਸਿਰਫ਼ ਪੰਜਾਬੀ ਭਾਈਚਾਰੇ ਦੇ ਵਧ ਰਹੇ ਰਾਜਨੀਤਿਕ ਪ੍ਰਭਾਵ ਨੂੰ ਦਰਸਾਉਂਦੀ ਹੈ, ਸਗੋਂ ਕੈਨੇਡਾ ਦੀ ਵਿਭਿੰਨਤਾ ਅਤੇ ਸਮਾਵੇਸ਼ੀ ਰਾਜਨੀਤੀ ਦਾ ਵੀ ਪ੍ਰਤੀਕ ਹੈ। ਦਿ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਇਸ ਵਾਰ ਹਾਊਸ ਆਫ਼ ਕਾਮਨਜ਼ (ਸੰਸਦ) ਲਈ 22 ਪੰਜਾਬੀ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਹ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਤੋਂ ਪਹਿਲਾਂ 2021 ‘ਚ 18 ਪੰਜਾਬੀ ਉਮੀਦਵਾਰ ਸੰਸਦ ‘ਚ ਪਹੁੰਚੇ ਸਨ, ਜਦੋਂ ਕਿ 2019 ‘ਚ 20 ਉਮੀਦਵਾਰ ਚੁਣੇ ਗਏ ਸਨ। ਇਸ ਵਾਰ ਕੁੱਲ 65 ਪੰਜਾਬੀ ਉਮੀਦਵਾਰ ਮੈਦਾਨ ‘ਚ ਸਨ।ਦੂਜੇ ਪਾਸੇ ਬਰੈਂਪਟਨ ਦੀਆਂ 5 ‘ਚੋਂ 5 ਸੀਟਾਂ ਪੰਜਾਬੀਆਂ ਨੇ ਜਿੱਤੀਆਂ ਹਨ
ਲਿਬਰਲ ਪਾਰਟੀ ਦੇ ਮੁੱਖ ਜੇਤੂ ਉਮੀਦਵਾਰ
- ਸਰੀ ਨਿਊਟਕ ਤੋਂ ਸੁੱਖ ਧਾਲੀਵਾਲ
- ਮਿਸੀਗਾਸਾ ਮਾਲਟਨ ਤੋਂ ਇੱਕਵਿੰਦਰ ਸਿੰਘ ਗਹੀਰ
- ਓਕਵਿਲ ਈਸਟ ਤੋਂ ਅਨੀਤਾ ਆਨੰਦ
- ਵਾਟਰਲੂ ਤੋਂ ਬਰਦੀਸ਼ ਚੱਗਰ
- ਡੋਰਵਲ ਲਾਚੀਨ ਤੋਂ ਅੰਜ਼ੂ ਢਿੱਲੋਂ
- ਸਰੀ ਸੈਂਟਰ ਤੋਂ ਰਣਦੀਪ ਸਰਾਏ
- ਫਲੀਟਵੁੱਡ ਪੋਰਟ ਕੈਲਸ ਤੋਂ ਗੁਰਬਖ਼ਸ ਸਿੰਘ ਸੈਣੀ
- ਰਿਚਮੰਡ ਈਸਟ ਸਟੀਵਨਸਟਨ ਤੋਂ ਪਰਮ ਬੈਂਸ
- ਕੰਜ਼ਰਵੇਟਿਵ ਪਾਰਟੀ ਦੇ ਜੇਤੂ ਉਮੀਦਵਾਰ
- ਆਕਸਫੋਰਡ ਤੋਂ ਅਰਪਨ ਖੰਨਾ
- ਐਡਮਿੰਟਨ ਗੇਟਵੇ ਤੋਂ ਟਿੰਮ ਉੱਪਲ
- ਕੈਲਗਰੀ ਈਸਟ ਤੋਂ ਜਸਰਾਜ ਹਾਲਨ
- ਕੈਲਗਰੀ ਮੈਕਨਾਈਟ ਤੋਂ ਦਲਵਿੰਦਰ ਸਿੰਘ ਗਿੱਲ
- ਕੈਲਗਰੀ ਸਕਾਈਵਿਊ ਤੋੰ ਅਮਨਪ੍ਰੀਤ ਗਿੱਲ
- ਮਿਲਟਨ ਈਸਟ ਤੋਂ ਪਰਮ ਗਿੱਲ
- ਐਬਟਸਫੋਰਡ ਸਾਊਥ ਲੈਂਗਲੀ ਤੋਂ ਸੁਖਮਨ ਗਿੱਲ
- ਐਡਮਿੰਟਨ ਸਾਊਥ ਈਸਟ ਤੋਂ ਜਗਸ਼ਰਨ ਸਿੰਘ ਮਾਹਲ
- ਵਿੰਡਸਰ ਵੈਸਟ ਤੋਂ ਹਰਸ਼ ਗਿੱਲ
ਬਰੈਂਪਟਨ ਵਿੱਚ ਜੇਤੂ ਰਹੇ ਪੰਜਾਬੀ :
- ਲਿਬਰਲ ਤੋਂ ਰੂਬੀ ਸਹੋਤਾ
- ਲਿਬਰਲ ਤੋਂ ਮਨਿੰਦਰ ਸਿੱਧੂ
- ਲਿਬਰਲ ਤੋਂ ਅਮਨਦੀਪ ਸੋਹੀ
- ਕੰਜ਼ਰਵੇਟਿਵ ਤੋਂ ਅਮਰਜੀਤ ਗਿੱਲ
ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਨੂੰ ਚੋਣਾਂ 'ਚ ਮਿਲੀ ਕਰਾਰੀ ਹਾਰ
ਕੈਨੇਡਾ 'ਚ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਮੁਖੀ ਜਗਮੀਤ ਸਿੰਘ ਨੂੰ ਆਮ ਚੋਣਾਂ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਗਮੀਤ ਸਿੰਘ ਆਪਣੀ ਤੀਜੀ ਜਿੱਤ ਦੀ ਉਮੀਦ ਰੱਖਦੇ ਸਨ, ਪਰ ਬ੍ਰਿਟਿਸ਼ ਕੋਲੰਬੀਆ 'ਚ ਬਰਨਬੀ ਸੈਂਟਰਲ ਸੀਟ 'ਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਬਰਨਬੀ 'ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਐਨਡੀਪੀ ਦੇ ਸਮਰਥਕਾਂ ਤੇ ਆਪਣੇ ਪਰਿਵਾਰ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਲਿਬਰਲ ਆਗੂ ਮਾਰਕ ਕਾਰਨੀ ਨੂੰ ਜਿੱਤ 'ਤੇ ਵਧਾਈ ਵੀ ਦਿੱਤੀ। ਆਪਣੇ ਭਾਸ਼ਣ ਦੀ ਸ਼ੁਰੂਆਤ 'ਚ ਉਨ੍ਹਾਂ ਹਾਰ ਨੂੰ ਸਵੀਕਾਰ ਕੀਤਾ। ਇਸ ਦੌਰਾਨ ਉਨ੍ਹਾਂ ਐਨਡੀਪੀ ਪ੍ਰਤੀ ਆਪਣੇ ਪਿਆਰ ਅਤੇ ਭਵਿੱਖ ਦੀ ਉਮੀਦ ਬਾਰੇ ਗੱਲ ਕੀਤੀ। ਜਦੋਂ ਉਹ ਭਾਸ਼ਣ ਦੇ ਰਹੇ ਸਨ, ਉਸ ਦੌਰਾਨ ਉਹ ਭਾਵੁਕ ਦਿਖਾਈ ਦਿੱਤੇ। ਉਨ੍ਹਾਂ ਦੀਆਂ ਅੱਖਾਂ ਵਿਚ ਆਂਸੂ ਵੀ ਸਨ। ਭਾਸ਼ਣ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ, "ਤੁਹਾਡੇ ਸਾਰੇ ਲੋਕਾਂ ਦਾ ਅਤੇ ਇਸ ਕਮਰੇ 'ਚ ਮੌਜੂਦ ਸਾਰੇ ਲੋਕਾਂ ਦਾ ਧੰਨਵਾਦ, ਤੁਸੀਂ ਇਸ ਵਿਚ ਆਪਣਾ ਦਿਲ ਲਗਾ ਦਿੱਤਾ। ਤੁਸੀਂ ਜੋ ਕੁਝ ਵੀ ਕੀਤਾ ਹੈ, ਉਸ ਲਈ ਬਹੁਤ-ਬਹੁਤ ਧੰਨਵਾਦ। ਉਨ੍ਹਾਂ ਅੱਗੇ ਕਿਹਾ, "ਮੈਨੂੰ ਪਤਾ ਹੈ ਕਿ ਅੱਜ ਦੀ ਰਾਤ ਨਿਊ ਡੈਮੋਕ੍ਰੇਟਸ ਲਈ ਨਿਰਾਸ਼ਾਜਨਕ ਹੈ। ਸਾਡੇ ਕੋਲ ਬਹੁਤ ਚੰਗੇ ਉਮੀਦਵਾਰ ਸਨ, ਜੋ ਅੱਜ ਰਾਤ ਹਾਰ ਗਏ। ਮੈਨੂੰ ਪਤਾ ਹੈ ਕਿ ਤੁਸੀਂ ਕਿੰਨੀ ਮਿਹਨਤ ਕੀਤੀ ਹੈ। ਮੈਂ ਤੁਹਾਡੇ ਨਾਲ ਸਮਾਂ ਬਿਤਾਇਆ। ਤੁਸੀਂ ਸ਼ਾਨਦਾਰ ਹੋ। ਮੈਨੂੰ ਬਹੁਤ ਦੁੱਖ ਹੈ ਕਿ ਤੁਸੀਂ ਆਪਣੇ ਭਾਈਚਾਰਿਆਂ ਦੀ ਨੁਮਾਇੰਦਗੀ ਨਹੀਂ ਕਰ ਸਕੋਗੇ। ਮੈਨੂੰ ਪਤਾ ਹੈ ਕਿ ਤੁਸੀਂ ਉਨ੍ਹਾਂ ਲਈ ਲੜਾਈ ਜਾਰੀ ਰੱਖੋਗੇ।"