ਸਿੰਧ ਸੂਬੇ ਵਿਚ ਪ੍ਰਵਾਰ ਦੇ ਅੱਠ ਮੈਂਬਰਾਂ ਸਮੇਤ 12 ਲੋਕਾਂ ਦੀ ਮੌਤ

ਸਿੰਧ, 31 ਦਸੰਬਰ 2024 : ਪਾਕਿਸਤਾਨ ਦੇ ਦਖਣੀ ਸਿੰਧ ਸੂਬੇ ਵਿਚ ਰਾਸ਼ਟਰੀ ਰਾਜਮਾਰਗ ’ਤੇ ਇਕ ਬੱਸ ਦੇ ਟਰਾਲੇ ਨਾਲ ਟਕਰਾ ਜਾਣ ਕਾਰਨ ਇਕ ਹੀ ਪ੍ਰਵਾਰ ਦੇ ਅੱਠ ਮੈਂਬਰਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ। ਹੈਦਰਾਬਾਦ ਸੂਬੇ ਦੇ ਡਿਪਟੀ ਕਮਿਸ਼ਨਰ ਅਰਸਲਾਨ ਸਲੀਮ ਨੇ ਦਸਿਆ ਕਿ ਇਹ ਹਾਦਸਾ ਸੋਮਵਾਰ ਰਾਤ ਮੋਰੋ ਨੇੜੇ ਵਾਪਰਿਆ, ਜਦੋਂ ਬੱਸ ਹੈਦਰਾਬਾਦ ਤੋਂ ਵਿਆਹ ’ਚ ਗਏ ਬਰਾਤੀਆਂ ਨੂੰ ਲੈ ਕੇ ਵਾਪਸ ਆ ਰਹੀ ਸੀ। ਉਨ੍ਹਾਂ ਕਿਹਾ, ਬਰਾਤੀਆਂ ਵਿਚ ਲਗਭਗ 20 ਲੋਕ ਸਨ ਜਿਨ੍ਹਾਂ ’ਚੋਂ 12 ਲੋਕ ਮਾਰੇ ਗਏ।’’ ਹਾਦਸੇ ’ਚ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਇਕ ਔਰਤ ਦੀ ਮੰਗਲਵਾਰ ਸਵੇਰੇ ਕਰਾਚੀ ਦੇ ਇਕ ਹਸਪਤਾਲ ’ਚ ਮੌਤ ਹੋ ਗਈ। ਸਲੀਮ ਨੇ ਦਸਿਆ ਕਿ ਮਰਨ ਵਾਲੇ 8 ਲੋਕ ਇਕ ਨਾਮੀ ਡਾਕਟਰ ਦੇ ਪ੍ਰਵਾਰ ਦੇ ਸਨ। ਮੋਰੋ ਸਰਕਾਰੀ ਹਸਪਤਾਲ ਦੇ ਇਕ ਡਾਕਟਰ ਨੇ ਦਸਿਆ ਕਿ ਜ਼ਖ਼ਮੀਆਂ ’ਚੋਂ ਪੰਜ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਨਵਾਬਸ਼ਾਹ ਅਤੇ ਕਰਾਚੀ ਲਿਜਾਇਆ ਗਿਆ ਹੈ। ਬੱਸ ਨੂੰ ਟੱਕਰ ਮਾਰਨ ਵਾਲੇ ਟਰਾਲੇ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।