ਨਸ਼ਾ ਕੋਈ ਵੀ ਹੋਵੇ, ਪਰ ਹੁੰਦਾ ਇਹ ਸਦਾ ਸਿਹਤ ਲਈ ਨੁਕਸਾਨਦੇਹ ਹੀ ਹੈ। ਭਾਰਤ ਵਿੱਚ ਰਾਜੇ-ਮਹਾਰਾਜੇ ਅਤੇ ਆਮ ਲੋਕ ਵੀ ਪੁਰਾਤਨ ਸਮਿਆਂ ਤੋਂ ਨਸ਼ਿਆਂ ਨੂੰ ਵੱਖ-ਵੱਖ ਰੂਪਾਂ ਵਿੱਚ ਵਰਤਦੇ ਆ ਰਹੇ ਸਨ। ਪਰ ਸਾਇੰਸ ਦੇ ਯੁੱਗ ਦਾ ਨਜਾਇਜ਼ ਲਾਹਾ ਲੈਂਦਿਆਂ ਨਸ਼ਾ ਤਸਕਰਾਂ ਨੇ ਲੈਬਾਰਟਰੀਆਂ ’ਚ ਤਿਆਰ ਕੀਤੇ ਕੈਮੀਕਲਾਂ ਨੂੰ ਇਹਨਾਂ ਨਸ਼ਿਆਂ ਵਿੱਚ ਵਰਤਕੇ ਆਪਣੇ ਨਿੱਜੀ ਹਿੱਤਾਂ ਖ਼ਾਤਰ ਆਮ ਜ਼ਿੰਦਗੀਆਂ ਨਾਲ ਖੇਡ੍ਹਣਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਵਿੱਚ ਅਫੀਮ, ਪੋਸਤ, ਭੰਗ ਅਤੇ ਸ਼ਰਾਬ ਆਦਿ ਆਮ ਤੌਰ ’ਤੇ ਵਰਤੇ ਜਾਣ ਵਾਲੇ ਨਸ਼ੇ ਮੰਨੇ ਜਾਂਦੇ ਰਹੇ ਹਨ। ਸ਼ਰਾਬ ਨੂੰ ਛੱਡਕੇ ਬਾਕੀ ਨਸ਼ੇ ਧਰਤੀ ‘ਚ ਫ਼ਸਲਾਂ ਵਾਂਗ ਉਗਾਉਣ ਨਾਲ ਤਿਆਰ ਕੀਤੇ ਜਾਣ ਵਾਲੇ ਹਨ, ਜਦੋਂ ਕਿ ਸ਼ਰਾਬ ਧਰਤੀ ’ਚੋਂ ਹੀ ਪੈਦਾ ਹੋਣ ਵਾਲੇ ਖਾਧ ਪਦਾਰਥਾਂ ਨੂੰ ਕਸ਼ੀਦਕੇ ਤਿਆਰ ਕੀਤੀ ਜਾਂਦੀ ਹੈ। ਪਹਿਲੇ ਸਮਿਆਂ ਵਿੱਚ ਲੋਕ ਆਪਣੇ ਘਰਾਂ ਵਿੱਚ ਆਮ ਹੀ ਆਪਣੀ ਵਰਤੋਂ ਲਈ ਸ਼ਰਾਬ ਤਿਆਰ ਕਰ ਲਿਆ ਕਰਦੇ ਸਨ। ਆਮ ਤੌਰ ’ਤੇ ਗੁੜ, ਔਲ਼ੇ, ਹਰੜ, ਬਹੇੜੇ ਆਦਿ ਅਨੇਕਾਂ ਹੀ ਜੜ੍ਹੀਆਂ-ਬੂਟੀਆਂ ਨਾਲ ਇਹ ਸ਼ਰਾਬ ਤਿਆਰ ਕੀਤੀ ਜਾਂਦੀ ਸੀ। ਘਰਾਂ ਵਿੱਚ ਹੱਥੀਂ ਤਿਆਰ ਕੀਤੀ ਇਹ ਸ਼ਰਾਬ ‘ਘਰ ਦੀ ਕੱਢੀ’ ਦੇ ਨਾਂ ਨਾਲ ਅੱਜ ਵੀ ਮਸ਼ਹੂਰ ਹੈ। ਚੋਰੀ ਤਿਆਰ ਕੀਤੀ ਇਹ ਸ਼ਰਾਬ ਭਾਵੇਂ ਅੱਜ ਤੱਕ ਗ਼ੈਰ-ਕਨੂੰਨੀ ਮੰਨੀ ਜਾਂਦੀ ਹੈ। ਪਰ ਸ਼ਰਾਬ ਪੀਣ ਦੇ ਸ਼ੌਕੀਨ ਸਰਕਾਰੀ ਠੇਕਿਆਂ ਤੋਂ ਮਿਲ ਰਹੀਆਂ ਸਕਾਚ ਅਤੇ ਵਿਸਕੀ ਵਰਗੀਆਂ ਮਹਿੰਗੀਆਂ ਸ਼ਰਾਬਾਂ ਦੇ ਮੁਕਾਬਲੇ ਇਸ ‘ਘਰ ਦੀ ਕੱਢੀ’ ਨੂੰ ਤਰਜੀਹ ਦਿੰਦੇ ਸਨ। ਪਰ ਕੈਮੀਕਲ ਯੁਕਤ ਚਿੱਟੇ ਦੀ ਤਰਾਂ ਨਸ਼ਾ ਤਸਕਰਾਂ ਨੇ ਕੈਮੀਕਲ ਯੁਕਤ ਦੇਸੀ ਸ਼ਰਾਬ ਵੱਖ-ਵੱਖ ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ਦੇ ਨਾਵਾਂ ਹੇਠ ਤਿਆਰ ਕਰਕੇ ਪੰਜਾਬ ਦੇ ਗਰੀਬ ਅਤੇ ਮਜ਼ਦੂਰ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਣਾ ਸ਼ੁਰੂ ਕਰ ਦਿੱਤਾ ਹੈ।
ਇਹ ਨਕਲੀ ਸ਼ਰਾਬ ਕਿਵੇਂ ਬਣਦੀ ਹੈ, ਅਤੇ ਕਿਉਂ ਮਨੁੱਖੀ ਜ਼ਿੰਦਗੀ ਲਈ ਜਾਨਲੇਵਾ ਸਾਬਤ ਹੋ ਰਹੀ ਹੈ? ਮੈਂ ਸਮਝਦਾ ਹਾਂ ਕਿ ਇਸ ਗੱਲੋਂ ਅਣਜਾਣ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਬਹੁਤ ਹੀ ਜ਼ਰੂਰੀ ਹੈ।
ਸ਼ਰਾਬ ਬਣਾਉਣ ਵਾਲੀਆਂ ਫ਼ੈਕਟਰੀਆਂ ਵਿੱਚ ਸ਼ਰਾਬ ਦੇ ਸ਼ੌਕੀਨਾਂ ਨੂੰ ਖੁਮਾਰੀ ਦੇਣ ਲਈ ਈਥਾਈਲ ਅਲਕੋਹਲ ਨਾਮਕ ਕੈਮੀਕਲ ਨੂੰ ਸ਼ਰਾਬ ਬਣਾਉਣ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇਹ ਫਲ਼ਾਂ ਵਿੱਚਲੀ ਖੰਡ, ਆਮ ਤੌਰ ’ਤੇ ਗੁਲੂਕੋਜ਼ ਫ੍ਰਕਟੋਜ਼ ਕਾਰਨ ਖ਼ਮੀਰਾਂ ਦੇ ਅਸਰ ਹੇਠ ਬਣਦੀ ਹੈ ਅਤੇ ਇਹ ਖ਼ਮੀਰ ਕੁਦਰਤੀ ਤੌਰ ’ਤੇ ਰਸਾਂ ਦਾ ਬਣਿਆ ਹੁੰਦਾ ਹੈ।
ਉਦਯੋਗ ਜਗਤ ਵਿੱਚ ਆਮ ਤੌਰ ‘ਤੇ ਈਥੌਨਾਲ ਨੂੰ ਹੀ ਜ਼ਿਆਦਾਤਰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ, ਕਿਉਂਕਿ ਇਸ ਵਿੱਚ ਘੁਲਣ ਸਮਰੱਥਾ ਜ਼ਿਆਦਾ ਹੁੰਦੀ ਹੈ। ਇਹ ਸਭ ਤਰਾਂ ਦੀਆਂ ਸ਼ਰਾਬਾਂ, ਜ਼ਖ਼ਮਾਂ ਨੂੰ ਸਾਫ ਕਰਨ ’ਚ ਇੱਕ ਬੈਕਟੀਰੀਆ ਕਿੱਲਰ ਅਤੇ ਪ੍ਰਯੋਗਸ਼ਾਲਾ ਵਿੱਚ ਸੌਲਵੇਂਟ ਵਜੋਂ ਵਰਤਿਆ ਜਾਂਦਾ ਹੈ। ਇਸਤੋਂ ਇਲਾਵਾ ਇਸਨੂੰ ਵਾਰਨਿਸ਼, ਪਾਲਿਸ਼, ਫਾਰਮਾਸਿਊਟੀਕਲ ਘੋਲ, ਈਥਰ, ਕਲੋਰੋਫ਼ਾਰਮ, ਨਕਲੀ ਰੰਗਾਂ, ਪਾਰਦਰਸ਼ੀ ਸਾਬਣਾਂ, ਪਰਫਿਊਮ ਆਦਿ ਤੋਂ ਇਲਾਵਾ ਅਨੇਕਾਂ ਰਸਾਇਣਿਕ ਮਿਸ਼ਰਣਾਂ ਨੂੰ ਬਣਾਉਣ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ।
ਈਥੌਨਾਲ ਅਲਕੋਹਲ ਨਾਲ ਹੀ ਮਿਲਦੀ ਜੁਲਦੀ ਗੰਧ ਦੇਣ ਵਾਲੀ ਮੀਥੇਨੌਲ ਇੱਕ ਰੰਗਹੀਣ ਜਲਣਯੋਗ ਤਰਲ ਹੈ, ਜੋ ਰਸਾਇਣ ਦੀ ਦੁਨੀਆਂ ਵਿੱਚ ਸਭ ਤੋਂ ਸਰਲ ਅਲਕੋਹਲ ਹੈ। ਜਾਣਕਾਰੀ ਲਈ ਇਹ ਦੱਸਣਾ ਅਤਿ ਜਿਕਰਯੋਗ ਹੈ ਕਿ ਇਹ ਮੀਥੇਨੌਲ ਇੱਕ ਜ਼ਹਿਰੀਲਾ ਤਰਲ ਹੈ, ਜੋ ਕਿ ਬਿਲਕੁਲ ਹੀ ਪੀਣ ਦੇ ਯੋਗ ਨਹੀਂ ਹੈ। ਇਸਨੂੰ ਪੀਣ ਵਾਲੇ ਵਿਅਕਤੀ ਦੇ ਸਰੀਰ ਦੇ ਅੰਗ ਪੂਰੀ ਆਪਣਾ ਕੰਮ ਕਰਨਾ ਛੱਡ ਜਾਂਦੇ ਹਨ ਅਤੇ ਉਸਦੀ ਮੌਤ ਵੀ ਹੋ ਸਕਦੀ ਹੈ।
ਨਕਲੀ ਸ਼ਰਾਬ ਬਣਾਉਣ ਵਾਲੇ ਨਸ਼ਾ ਤਸਕਰ ਜਦੋਂ ਕੱਚੀ ਸ਼ਰਾਬ ’ਚ ਯੂਰੀਆ ਅਤੇ ਆਕਸੀਟੋਸਿਨ ਰਸਾਇਣ ਮਿਲਾਉਂਦੇ ਹਨ ਤਾਂ ਇਹ ਘੋਲ ਮਿਥਾਇਲ ਅਲਕੋਹਲ ਵਿੱਚ ਬਦਲ ਜਾਂਦਾ ਹੈ, ਜੋ ਕਿ ਇੱਕ ਜਾਨਲੇਵਾ ਜ਼ਹਿਰ ਸਮਾਨ ਹੁੰਦਾ ਹੈ।
ਇਸਦੀ ਗੰਧ ਦੇਸੀ ਸ਼ਰਾਬ ਨਾਲ ਮਿਲਦੀ ਹੋਣ ਕਾਰਨ ਪੀਣ ਵਾਲੇ ਨੂੰ ਇਸਦੇ ਅਸਲੀ ਅਤੇ ਨਕਲੀ ਹੋਣ ਦਾ ਪਤਾ ਹੀ ਨਹੀਂ ਚੱਲਦਾ। ਇਸ ਮਿਥਾਇਲ ਅਲਕੋਹਲ ਤੋਂ ਬਣੀ ਇਹ ਸ਼ਰਾਬ ਪੀਣ ਸਾਰ ਹੀ ਵਿਅਕਤੀ ਦੇ ਸਰੀਰ ਵਿੱਚ ਰਸਾਇਣਿਕ ਕਿਰਿਆ ਤੇਜ਼ ਹੋ ਜਾਂਦੀ ਹੈ। ਵਿਅਕਤੀ ਦੀਆਂ ਅੱਖਾਂ ਵਿੱਚ ਖੁਜ਼ਲੀ ਅਤੇ ਪੇਟ ਵਿੱਚ ਦਰਦ ਹੋਣਾ ਸ਼ੁਰੂ ਜਾਂਦਾ ਹੈ। ਅੱਖਾਂ ਦੀ ਰੌਸ਼ਨੀ ਜਾਣੀ ਸ਼ੁਰੂ ਹੋ ਜਾਂਦੀ ਹੈ। ਉਸਦੇ ਸਰੀਰ ਦੇ ਅੰਦਰੂਨੀ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਅਖੀਰ ਵਿਅਕਤੀ ਦੀ ਮੌਤ ਹੋ ਜਾਂਦੀ ਹੈ।