ਪੰਜਾਬ ਹਿਤੈਸ਼ੀ, ਪੰਥਪ੍ਰਸਤ ਸਰਦਾਰ ਜਸਪਾਲ ਸਿੰਘ ਹੇਰਾਂ ਲੰਮੇ ਅਰਸੇ ਤੋਂ ਬਿਮਾਰੀ ਨਾਲ ਜੂਝਦੇ ਹੋਏ ਮੋਹਾਲੀ ਦੇ ਫੌਰਟਿਸ ਹਸਪਤਾਲ ਵਿੱਚ ਆਖ਼ਰ 18 ਜੁਲਾਈ ਨੂੰ ਆਪਣੇ ਚਹੇਤਿਆਂ ਨੂੰ ਸਦਾ ਲਈ ਅਲਵਿਦਾ ਆਖ ਗਏ। ਉਹਨਾਂ ਦੀ ਹੋਈ ਬੇਵਕਤੀ ਮੌਤ ਪੰਜਾਬੀ ਪੱਤਰਕਾਰੀ ਅਤੇ ਸਿੱਖ ਪੰਥ ਲਈ ਨਾ ਪੂਰਾ ਹੋਣ ਵਾਲ਼ਾ ਘਾਟਾ ਹੈ। ਮੈਨੂੰ ਉਹਨਾਂ ਨਾਲ਼ ਬੁਹਤ ਨੇੜੇ ਤੋਂ ਵਿਚਰਨ ਅਤੇ ਵਰਤਣ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ ਹੈ। ਉਹ ਬਹੁਤ ਘੱਟ, ਹੌਲ਼ੀ ਅਤੇ ਨਿਮਰਤਾ ਨਾਲ਼ ਬੋਲਣ ਵਾਲੇ ਨਿੱਘੇ ਸੁਭਾਅ ਦੇ ਮਾਲਕ ਸਨ। ਅੱਜ ਜੇਕਰ ਮੈਂ ਕਨੇਡਾ ਦੀ ਧਰਤੀ ਤੋਂ ਮੀਡੀਆ ਖੇਤਰ ਵਿੱਚ ਜਿੰਨਾ ਕੁ ਵੀ ਮਕਾਮ ਹਾਸਲ ਕੀਤਾ ਹੈ, ਉਸ ਵਿੱਚ ਬਹੁਤਾ ਯੋਗਦਾਨ ਜਸਪਾਲ ਸਿੰਘ ਹੇਰਾਂ ਜੀ ਦਾ ਮੰਨਾਂ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀਂ ਹਵੇਗੀ। ਭਾਵੇਂ ਉਹ ਅੱਜ ਸਾਡੇ ਵਿੱਚ ਨਹੀਂ ਰਹੇ, ਪਰ ਉਹ ਮੇਰੇ ਜਿਹੇ ਦੁਨੀਆਂ ਵਿੱਚ ਵਸਦੇ ਲੱਖਾਂ ਚਹੇਤਿਆਂ ਦੇ ਦਿਲਾਂ ਵਿੱਚ ਸਦਾ ਹੀ ਧੜਕਦੇ ਰਹਿਣਗੇ।
ਇਹ ਗੱਲ ਸੱਚ ਹੈ ਕਿ ਲੋਕਾਂ ਦੇ ਹਰਮਨ ਪਿਆਰੇ ਪੰਜਾਬੀ ਅਖ਼ਬਾਰ “ਪਹਿਰੇਦਾਰ” ਦੇ ਸਰਪ੍ਰਸਤ ਅਤੇ ਮੁੱਖ ਸੰਪਾਦਕ ਹੋਣ ਤੋਂ ਪਹਿਲਾਂ ਉਹ ਮਨੁੱਖੀ ਹੱਕਾਂ ਅਤੇ ਸਿੱਖੀ ਸਿਧਾਂਤਾਂ ਦੇ ਅਸਲ ਅਤੇ ਸੱਚੇ ਪਹਿਰੇਦਾਰ ਸਨ। ਕਦੇ ਵੀ ਆਪਣੇ ਲਈ ਨਾ ਸੋਚਣ ਵਾਲ਼ੇ ਪੰਥ ਦਰਦੀ ਜਸਪਾਲ ਸਿੰਘ ਹੇਰਾਂ ਨੇ ਆਪਣੀ ਕੌਮ ਲਈ ਪੰਥਪ੍ਰਸਤੀ ਮੀਡੀਆ ਦੀ ਸਥਾਪਤੀ ਲਈ ਜਗਰਾਵਾਂ ਸ਼ਹਿਰ ਵਾਲ਼ੇ ਰੇਲਵੇ ਫਾਟਕਾਂ ਦੇ ਨਜ਼ਦੀਕ 1940 ਦੇ ਖੋਲ਼ੇ ਵਰਗੇ ਪੁਰਾਣੇ ਘਰ ਵਿੱਚ ਰਹਿੰਦੇ ਹੋਏ ਆਪਣਾ ਜੀਵਨ ਨਿਰਵਾਹ ਕਰਦਿਆਂ ਆਪਣੇ ਇਸ ਜੱਦੀ ਘਰ ਨੂੰ ਵੀ ਗਹਿਣੇ ਰੱਖ ਦਿੱਤਾ।
ਸਦਾ ਹੀ ਪੰਜਾਬ ਦੇ ਹਿੱਤਾਂ ਅਤੇ ਕੌਮੀ ਮਸਲਿਆਂ ਦੀ ਗੱਲ ਕਰਨ ਵਾਲ਼ੇ ਜਸਪਾਲ ਸਿੰਘ ਹੇਰਾਂ ਨੂੰ ਅਨੇਕਾਂ ਵਾਰ ਸਮੇ-ਸਮੇ ਦੀਆਂ ਸਰਕਾਰਾਂ ਦੇ ਰੋਹ ਦਾ ਸ਼ਿਕਾਰ ਹੋਣਾ ਪੈਂਦਾ ਰਿਹਾ ਸੀ। ਇੱਕ ਵਾਰ ਤਾਂ ਅਜਿਹਾ ਸਮਾਂ ਵੀ ਆਇਆ ਜਦੋਂ ਉਹਨਾਂ ਦੇ ਕੌਮੀ ਮਿਸ਼ਨ “ਰੋਜ਼ਾਨਾ ਪਹਿਰੇਦਾਰ” ਅਖਬਾਰ ਨੂੰ ਹੀ ਬੰਦ ਕਰਵਾਉਣ ਦੀ ਇੱਕ ਕੋਝੀ ਅਤੇ ਨਿੰਦਣਯੋਗ ਸਾਜ਼ਿਸ਼ ਰਚੀ ਗਈ ਸੀ। ਬਾਦਲਾਂ ਦੀ ਸਰਕਾਰ ਦੀ ਛਤਰੀ ਤੇ ਬੈਠਣ ਦੀ ਬਜਾਏ ਪੰਥ ਅਤੇ ਕੌਮਪ੍ਰਸਤ ਹੋਣ ਕਰਕੇ ਉਹਨਾਂ ਦੇ ਸਾਧੂ ਸੁਭਾਅ ਦਾ ਨਜ਼ਾਇਜ ਫ਼ਾਇਦਾ ਉਠਾਉਂਦੇ ਹੋਏ ਆਪਣੇ ਇੱਕ ਜਰਖਰੀਦ ਦਲਾਲ ਦੇ ਚੇਲੇ ਨੂੰ ਇੱਕ ਗਿਣੀ ਮਿਥੀ ਚਾਲ ਤਹਿਤ ਪਹਿਰੇਦਾਰ ਅਖਬਾਰ ਦਾ ਹਿੱਸੇਦਾਰ ਬਣਾਕੇ ਦਿਵਾਲੀ ਦੀ ਰਾਤ ਨੂੰ ਪਹਿਰੇਦਾਰ ਦੇ ਦਫ਼ਤਰ ਅਤੇ ਵੈੱਬਸਾਈਟ ਸਮੇਤ ਪੂਰੇ ਅਦਾਰੇ ਉੱਤੇ ਕਬਜ਼ਾ ਕਰਵਾ ਦਿੱਤਾ। ਪਰ ਇਸ ਸਿਰੜੀ ਕੌਮ ਪ੍ਰਸਤ ਯੋਧੇ ਜਸਪਾਲ ਸਿੰਘ ਹੇਰਾਂ ਨੇ ਸੜਕ ਤੇ ਖੜ੍ਹਕੇ ਅਖ਼ਬਾਰ ਛਾਪਕੇ ਪੰਥ ਅਤੇ ਕੌਮ ਦੀ ਨਿਰੰਤਰ ਪਹਿਰੇਦਾਰੀ ਨੂੰ ਜਾਰੀ ਰੱਖਣ ਦਾ ਪ੍ਰਤੱਖ ਸਬੂਤ ਦਿੱਤਾ।
ਜਸਪਾਲ ਸਿੰਘ ਹੇਰਾਂ ਵੱਲੋਂ ਬਹੁਤ ਹੀ ਸੀਮਤ ਸਾਧਨਾਂ ਰਾਹੀਂ ਤੰਗੀ-ਤੁਰਸ਼ੀ ਨਾਲ ਚਲਾਏ ਜਾ ਰਹੇ ਅਖ਼ਬਾਰ ਪਹਿਰੇਦਾਰ ਰਾਹੀਂ ਹੱਕ-ਸੱਚ ਦੀ ਗੱਲ ਕਰਦੇ ਸੰਪਾਦਕੀ ਲੇਖਾਂ ਤੋਂ ਸਮੇ-ਸਮੇ ਦੀਆਂ ਕੇਂਦਰੀ ਅਤੇ ਪੰਜਾਬ ਸਰਕਾਰਾਂ ਬਹੁਤ ਹੀ ਜ਼ਿਆਦਾ ਖ਼ੌਫ਼ ਖਾਂਦੀਆਂ ਸਨ। ਉਹਨਾਂ ਦੀ ਨਿੱਡਰ ਅਤੇ ਬੇਬਾਕ ਲੇਖਣੀ ਤੋਂ ਹਰ ਕੋਈ ਪੰਥ ਵਿਰੋਧੀ ਡਰਦਾ ਸੀ। ਕਿਉਂਕਿ ਉਹ ਸ਼ਰੇਆਮ ਕਿਹਾ ਕਰਦੇ ਸਨ ਕਿ ਸਾਨੂੰ ਆਪਣੇ ਗਲ਼ੋਂ ਗੁਲਾਮੀ ਦੀਆਂ ਜੰਜ਼ੀਰਾਂ ਇੱਕ ਨਾ ਇੱਕ ਦਿਨ ਲਾਹੁਣੀਆਂ ਹੀ ਪੈਣੀਆਂ ਹਨ। ਉਹ ਹਮੇਸ਼ਾਂ ਹੀ ਆਪਣੇ ਸਾਥੀ ਪੱਤਰਕਾਰਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਰਦੇ ਸਨ ਕਿ ਹੱਕ ਸੱਚ ਲਿਖਣ ਵਾਲ਼ੀਆਂ ਕਲਮਾਂ ਸੋਚ ਲੈਣ ਕਿ ਇਸਦੀ ਅੱਗ ਦਾ ਸੇਕ ਸਿਰਫ ਜਸਪਾਲ ਹੇਰ੍ਹਾਂ ਜਾਂ ਹੋਰ ਸਾਥੀ ਤੱਕ ਹੀ ਨਹੀਂ, ਸਗੋਂ ਇਸਦਾ ਸੇਕ ਇੱਕ ਦਿਨ ਸਾਡੇ ਘਰਾਂ ਤੱਕ ਵੀ ਜਾਵੇਗਾ । ਉਹ ਕਿਹਾ ਕਰਦੇ ਸਨ - “ਇਸਤੋਂ ਪਹਿਲਾਂ ਕਿ ਇਹ ਸੇਕ ਸਾਡੇ ਘਰਾਂ ਤੱਕ ਜਾਵੇ, ਇਸਨੂੰ ਲੋਕ ਲਹਿਰ ਬਣਾ ਦਿਉ।” ਕੌਮ ਪ੍ਰਸਤ ਹੋਣ ਕਾਰਨ ਹੀ ਜਸਪਾਲ ਸਿੰਘ ਹੇਰਾਂ ਭਾਰਤ ਦੀਆਂ ਖ਼ੁਫੀਆ ਏਜੰਸੀਆਂ ਦੀ ਬਾਜ਼ ਅੱਖ ‘ਤੇ ਸਨ ਅਤੇ ਸਰਕਾਰਾਂ ਵੱਲੋਂ ਉਹਨਾਂ ਦੇ ਫੋਨ ਵੀ ਟੇਪ ਕੀਤੇ ਜਾਂਦੇ ਰਹੇ ਹਨ।
ਜਸਪਾਲ ਸਿੰਘ ਹੇਰਾਂ ਪੱਤਰਕਾਰੀ ਦੇ ਨਾਲ਼-ਨਾਲ਼ ਹਮੇਸ਼ਾਂ ਹੀ ਪੰਜਾਬ ਦੇ ਕੌਮੀ ਸੰਘਰਸ਼ਾਂ ਜਾਂ ਮੋਰਚਿਆਂ ਵਿੱਚ ਵੀ ਵਧ ਚੜ੍ਹਕੇ ਹਿੱਸਾ ਲੈਂਦੇ ਰਹੇ ਸਨ ਅਤੇ ਉਹ ਇਹਨਾਂ ਮੌਕਿਆਂ ਸਮੇਂ ਗ੍ਰਿਫ਼ਤਾਰੀਆਂ ਦੇਣ ਤੋਂ ਵੀ ਪਿੱਛੇ ਨਹੀਂ ਹਟੇ। ਸੰਨ 2015 ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਲੋਕ ਲਹਿਰ ਪੈਦਾ ਕਰਨ ਵਿੱਚ ਉਹਨਾਂ ਪੂਰੀ ਵਾਹ ਲਗਾ ਦਿੱਤੀ ਸੀ। ਬਾਪੂ ਸੂਰਤ ਸਿੰਘ ਖ਼ਾਲਸਾ ਵੱਲੋਂ 28 ਫਰਵਰੀ 2015 ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਸੱਦੇ ਉੱਤੇ ਰੋਜ਼ਾਨਾ ਪਹਿਰੇਦਾਰ ਅਖ਼ਬਾਰ ਨੇ ਇਸਦੀ ਹਮਾਇਤ ਕਰਕੇ ਇਸਨੂੰ ਲੋਕ ਲਹਿਰ ਬਣਾ ਦਿੱਤਾ ਸੀ। ਇਸ ਮੌਕੇ ਜਸਪਾਲ ਸਿੰਘ ਹੇਰਾਂ ਨੇ ਸੈਂਕੜੇ ਸਾਥੀਆਂ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਲਈ ਜਗਰਾਓਂ ਤੋਂ ਲੁਧਿਆਣੇ ਤੱਕ ਰੋਸ ਮਾਰਚ ਕੱਢਿਆ ਸੀ ਅਤੇ ਜਿਉਂ ਹੀ ਉਹਨਾਂ ਦਾ ਕਾਫ਼ਲਾ ਸਾਢੇ ਬਾਰਾਂ ਵਜੇ ਜਗਰਾਓਂ ਪੁਲ ਲੁਧਿਆਣੇ ਪੁੱਜਿਆ ਤਾਂ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਸਮੇਤ ਜਸਪਾਲ ਸਿੰਘ ਹੇਰਾਂ ਅਤੇ ਸਿੱਖ ਕਾਰਕੁਨਾਂ ਨੂੰ ਪੁਲੀਸ ਨੇ ਰੋਕ ਲਿਆ। ਇਸ ਪਿੱਛੋਂ ਉਹ ਉੱਥੇ ਹੀ ਧਰਨਾ ਲਾ ਕੇ ਬੈਠ ਗਏ ਅਤੇ ਜਸਪਾਲ ਸਿੰਘ ਹੇਰਾਂ ਨਾਲ ਪੁਲੀਸ ਦਾ ਤਕਰਾਰ ਹੋਣ ਪਿੱਛੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੀ ਗ੍ਰਿਫਤਾਰੀ ਦੀ ਖ਼ਬਰ ਅਖਬਾਰਾਂ ਵਿੱਚ ਛਪਣ ਪਿੱਛੋਂ ਉਸ ਵੇਲੇ ਇੱਕ ਵਾਰ ਤਾਂ ਬੰਦੀ ਸਿੰਘਾਂ ਦੀ ਰਿਹਾਈ ਲੋਕ ਲਹਿਰ ਬਣ ਗਈ ਸੀ।
ਇਸ ਦਰਵੇਸ਼ ਸਿੱਖ ਚਿੰਤਕ ਦੀ ਬੇਵਕਤੀ ਮੌਤ ਤੇ ਬਿਆਨ ਜਾਰੀ ਕਰਦਿਆਂ ਸਰਦਾਰ ਸਿਮਰਨਜੀਤ ਸਿੰਘ ਮਾਨ, ਸਾਬਕਾ ਮੈਂਬਰ ਪਾਰਲੀਮੈਂਟ ਵੱਲੋਂ ਉਹਨਾਂ ਦੀ ਪੰਥ ਪ੍ਰਸਤੀ ਉੱਤੇ ਕਿਹਾ ਇੱਕ-ਇੱਕ ਸ਼ਬਦ ਕਾਬਿਲੇ ਤਾਰੀਫ਼ ਹੈ। ਮੈਂ ਸਮਝਦਾ ਹਾਂ ਸ੍ਰ. ਮਾਨ ਦੇ ਵਿਚਾਰ ਜਸਪਾਲ ਸਿੰਘ ਹੇਰ੍ਹਾਂ ਨਾਲ ਸਨੇਹ ਰੱਖਣ ਵਾਲ਼ਿਆਂ ਤੱਕ ਪੁੱਜਣੇ ਜ਼ਰੂਰੀ ਹਨ। ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਕਿਹਾ, “ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਅਤੇ ਮਾਲਕ ਸ੍ਰ. ਜਸਪਾਲ ਸਿੰਘ ਹੇਰਾਂ ਇੱਕ ਅਜਿਹੀ ਮਨੁੱਖਤਾ ਪੱਖੀ, ਖ਼ਾਲਸਾ ਪੰਥ ਪੱਖੀ, ਦੂਰਅੰਦੇਸ਼ੀ ਰੱਖਣ ਵਾਲੀ ਬੁੱਧੀਜੀਵੀ ਸਖਸ਼ੀਅਤ ਸਨ, ਜਿੰਨਾਂ ਨੇ ਲੰਮੇ ਸਮੇਂ ਤੋਂ ਆਪਣੇ ਰੋਜ਼ਾਨਾ ਪਹਿਰੇਦਾਰ ਅਦਾਰੇ ਰਾਹੀਂ ਮਿਲਕੇ ਖ਼ਾਲਸਾ ਪੰਥ ਨੂੰ ਹੀ ਖ਼ਾਲਸਾਈ ਕੌਮੀ ਲੀਹਾਂ ਮਰਿਯਾਦਾਵਾਂ, ਨਿਯਮਾਂ ਸਿਧਾਂਤਾਂ ਉੱਤੇ ਚੱਲਣ ਅਤੇ ਪਹਿਰਾ ਦੇਣ ਲਈ ਹੀ ਨਹੀਂ ਪ੍ਰੇਰਦੇ ਰਹੇ, ਬਲਕਿ ਦ੍ਰਿੜਤਾ ਪੂਰਵਕ ਲਿਖਤਾਂ ਰਾਹੀਂ ਖ਼ਾਲਸਾ ਪੰਥ ਵਿੱਚ ਵਿਚਰਨ ਵਾਲ਼ੇ ਉਹਨਾਂ ਸਵਾਰਥੀ ਆਗੂਆਂ ਨੂੰ ਬਾਦਲੀਲ ਢੰਗ ਨਾਲ ਖ਼ਬਰਦਾਰ ਵੀ ਕਰਨ ਦੀ ਨਿਰੰਤਰ ਜਿੰਮੇਦਾਰੀ ਨਿਭਾਉਂਦੇ ਆ ਰਹੇ ਸਨ।
ਜਿਨ੍ਹਾਂ ਨੇ ਬੀਤੇ ਸਮੇਂ ਵਿੱਚ ਖ਼ਾਲਸਾ ਪੰਥ ਦੀਆਂ ਕੌਮੀ ਸੰਸਥਾਵਾਂ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਰਬਾਨੀਆਂ ਭਰੇ ਨਾਵਾਂ ਅਤੇ ਸੰਸਥਾਵਾਂ ਦੀ ਦੁਰਵਰਤੋਂ ਕਰਕੇ ਸੈਂਟਰ ਵਿੱਚ ਬੈਠੇ ਹੁਕਮਰਾਨਾਂ ਨੂੰ ਹੀ ਖੁਸ਼ ਨਹੀਂ ਕਰਦੇ ਰਹੇ ਹਨ ਬਲਕਿ ਸਿੱਖੀ ਮਰਿਯਾਦਾਵਾਂ, ਸਿਧਾਂਤਾਂ ਦਾ ਉਲ਼ੰਘਣ ਕਰਕੇ ਸਾਡੀਆਂ ਇਹਨਾਂ ਮਹਾਨ ਸੰਸਥਾਵਾਂ ਦੇ ਮਾਣ-ਸਨਮਾਨ ਨੂੰ ਵੀ ਡੂੰਘੀ ਠੇਸ ਪਹੁੰਚਾਉਂਦੇ ਰਹੇ ਹਨ । ਅਜੋਕੇ ਸਮੇਂ ਵਿੱਚ ਜਦੋਂ ਸਿੱਖ ਕੌਮ ਵਿੱਚ ਹਰ ਖੇਤਰ ਵਿੱਚ ਦੁਬਿਧਾ ਅਤੇ ਨਮੋਸ਼ੀ ਫੈਲੀ ਹੋਈ ਹੈ, ਉਸ ਸਮੇਂ ਇਤਿਹਾਸਕਾਰ ਅਤੇ ਧਾਰਮਿਕ ਵਿਚਾਰਾਂ ਰਾਹੀਂ ਉਹ ਅਕਸਰ ਹੀ ਸਹੀ ਦਿਸ਼ਾ ਵੱਲ ਸੇਧ ਦੇ ਕੇ ਸਿੱਖ ਕੌਮ ਨੂੰ ਦ੍ਰਿੜਤਾ ਭਰੇ ਵਿਚਾਰਾਂ ਰਾਹੀਂ ਧਾਰਮਿਕ, ਸਿਆਸੀ, ਸਮਾਜਕ ਅਤੇ ਇਖ਼ਲਾਕੀ ਅਗਵਾਈ ਦੇਣ ਦੀ ਵੀ ਜਿੰਮੇਦਾਰੀ ਬਾਖ਼ੂਬੀ ਨਿਭਾਉਂਦੇ ਆ ਰਹੇ ਸਨ। ਜੇਕਰ ਇਹ ਕਹਿ ਲਿਆ ਜਾਵੇ ਕਿ ਇਸ ਔਖੀ ਘੜੀ ਵਿੱਚ ਜੇਕਰ ਕੋਈ ਸਿੱਖ ਚਿੰਤਕ ਬਿਨਾ ਕਿਸੇ ਡਰ ਭੈ, ਲਾਲਚ, ਦੁਨਿਆਵੀ ਲਾਲਸਾਵਾਂ ਤੋਂ ਰਹਿਤ ਰਹਿਕੇ ਕੌਮੀ ਅਤੇ ਧਰਮ ਦੇ ਸੱਚ ਨੂੰ ਆਪਣੇ ਰੋਜ਼ਾਨਾ ਪਹਰੇਦਾਰ ਅਦਾਰੇ ਰਾਹੀਂ ਉਜਾਗਰ ਕਰਦੇ ਸਨ ਅਤੇ ਕੌਮੀ ਏਕਤਾ ਲਈ ਹਰ ਹੀਲਾ, ਵਸੀਲਾ, ਦਲੀਲ-ਅਪੀਲ ਵਰਤਦੇ ਹੋਏ ਇਸ ਮਿਸ਼ਨ ਨੂੰ ਪ੍ਰਾਪਤ ਕਰਨ ਲਈ ਦ੍ਰਿੜ ਸਨ, ਤਾਂ ਉਹ ਸਰਦਾਰ ਜਸਪਾਲ ਸਿੰਘ ਹੇਰਾਂ ਦੀ ਸਰਬੱਤ ਦਾ ਭਲਾ ਚਹੁਣ ਵਾਲੀ ਤੇ ਕੌਮ ਪੱਖੀ ਸਖ਼ਸ਼ੀਅਤ ਸਨ। ਜਿੰਨਾਂ ਦੇ ਚਲੇ ਜਾਣ ਨਾਲ ਸਮੁੱਚੀ ਮਨੁੱਖਤਾ ਨੂੰ ਅਤੇ ਸਿੱਖ ਕੌਮ ਨੂੰ ਵਿਸ਼ੇਸ਼ ਤੌਰ ਤੇ ਕਦੀ ਵੀ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ।”
ਸੋ, ਸਰਦਾਰ ਜਸਪਾਲ ਸਿੰਘ ਹੇਰਾਂ ਇਸ ਦੁਨੀਆਂ ਤੋਂ ਰੁਖ਼ਸਤ ਨਹੀਂ ਹੋਇਆ, ਸਗੋਂ ਪੱਤਰਕਾਰੀ ਜਗਤ ਦਾ ਇੱਕ ਸਿਤਾਰਾ ਟੁੱਟਿਆ ਹੈ। ਉਹਨਾਂ ਦੇ ਤੁਰ ਜਾਣ ਨਾਲ਼ ਸਿੱਖ ਕੌਮ ਨੇ ਇੱਕ ਮਹਾਨ ਚਿੰਤਕ, ਇੱਕ ਪੰਥ ਪ੍ਰਸਤ ਹੀਰਾ ਹਮੇਸ਼ਾਂ ਲਈ ਆਪਣੇ ਕੋਲੋਂ ਗੁਆ ਲਿਆ ਹੈ। ਕਿਉਂਕਿ ਉਹ ਕੌਮਾਂ ਭਾਗਾਂ ਵਾਲ਼ੀਆਂ ਹੁੰਦੀਆਂ ਹਨ, ਜਿੰਨਾਂ ਨੂੰ ਇਹੋ ਜਿਹੀਆਂ ਸਖ਼ਸ਼ੀਅਤਾਂ ਨਸੀਬ ਹੁੰਦੀਆਂ ਹਨ। ਉਹਨਾਂ ਵੱਲੋਂ ਆਪਣੇ ਸਮਾਜ ਅਤੇ ਕੌਮ ਲਈ ਪਾਏ ਯੋਗਦਾਨ ਦਾ ਅਸੀਂ ਕਦੇ ਵੀ ਰਿਣ ਨਹੀਂ ਚੁਕਾ ਸਕਾਂਗੇ। ਪ੍ਰਮਾਤਮਾ ਕਰੇ, ਉਹਨਾਂ ਮਗਰੋਂ ਉਹਨਾਂ ਦੇ ਆਪਣੇ ਹੱਥੀਂ ਆਪਣੀ ਕੌਮ ਲਈ ਬਾਲ਼ੀ ਪੰਥ ਪ੍ਰਸਤੀ ਦੀ ਮਸ਼ਾਲ “ਰੋਜ਼ਾਨਾ ਪਹਿਰੇਦਾਰ” ਰਹਿੰਦੀ ਦੁਨੀਆ ਤੱਕ ਜਗਦੀ ਅਤੇ ਮਘਦੀ ਰਹੇ।
ਬਿਲਕੁਲ ਦਰੁਸਤ ਜੀ