
- ਇਹ ਰਾਜਨੀਤੀ ਨਹੀਂ, ਇਨਕਲਾਬ ਹੈ: ਪਾਣੀ, ਨਸ਼ਿਆਂ ਅਤੇ ਭਵਿੱਖ ਦੀ ਲੜਾਈ 'ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੌਜਵਾਨਾਂ ਨੂੰ ਸੁਨੇਹਾ
ਗੜਸ਼ੰਕਰ, 04 ਮਈ 2025 : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੜਸ਼ੰਕਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ਯੂਥ ਕਲੱਬ ਲੀਡਰਸ਼ਿਪ ਪ੍ਰੋਗਰਾਮ ਦੀ ਅਗਵਾਈ ਕਰਦਿਆਂ ਨੌਜਵਾਨਾਂ ਨੂੰ ਰਾਸ਼ਟਰ ਹਿੱਤ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ। ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਦੇਸ਼ ਦੀ ਬਣਤਰ ਵਿੱਚ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਆਮ ਆਦਮੀ ਪਾਰਟੀ ਦੇ ਨੌਜਵਾਨ ਸਿਪਾਹੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਹੀ ਦੇਸ਼ ਦੀ ਅਸਲ ਤਾਕਤ ਹੈ। ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਵੀਰਾਂ ਨੇ ਬਹੁਤ ਘੱਟ ਉਮਰ ਵਿੱਚ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ। ਉਨ੍ਹਾਂ ਕਿਹਾ ਕਿ ਭਗਤ ਸਿੰਘ ਸਿਰਫ਼ 23 ਸਾਲਾਂ ਅਤੇ ਕਰਤਾਰ ਸਿੰਘ ਸਰਾਭਾ ਸਿਰਫ਼ 19 ਸਾਲਾਂ ਦੀ ਉਮਰ 'ਚ ਸ਼ਹੀਦ ਹੋਏ ਪਰ ਉਹ ਅਜੇ ਵੀ ਹਰ ਭਾਰਤੀ ਦੇ ਦਿਲ ਵਿੱਚ ਜਿਉਂਦੇ ਹਨ। ਉਨ੍ਹਾਂ ਦੀ ਸ਼ਹਾਦਤ ਕਾਰਨ ਉਹ ਹਮੇਸ਼ਾ 23 ਤੇ 19 ਸਾਲਾਂ ਦੇ ਹੀ ਰਹਿਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਦੇ ਪਰਿਵਾਰ ਕੋਲ ਉਦੋਂ 300 ਏਕੜ ਤੋਂ ਵੀ ਜ਼ਿਆਦਾ ਜ਼ਮੀਨ ਸੀ। ਉਹ ਚਾਹੁੰਦੇ ਤਾਂ ਵਿਦੇਸ਼ਾਂ 'ਚ ਪੜ੍ਹ ਕੇ ਸ਼ਾਨਦਾਰ ਜ਼ਿੰਦਗੀ ਜੀ ਸਕਦੇ ਸਨ, ਪਰ ਉਨ੍ਹਾਂ ਦੇਸ਼ ਪ੍ਰੇਮ ਚੁਣਿਆ ਤੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਇਨ੍ਹਾਂ ਸ਼ਹੀਦਾਂ ਨੂੰ ਅਸੀਂ ਅੱਜ ਵੀ ਆਪਣਾ ਆਦਰਸ਼ ਮੰਨਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨ ਜਿਸ ਉਮਰ ਵਿੱਚ ਮਾਪਿਆਂ ਕੋਲੋਂ ਮੋਟਰਸਾਈਕਲਾਂ ਤੇ ਗੱਡੀਆਂ ਦੀ ਮੰਗ ਕਰਦੇ ਹਨ, ਉਸ ਉਮਰ ਵਿੱਚ ਇਨ੍ਹਾਂ ਸ਼ਹੀਦਾਂ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਦੀ ਮੰਗ ਕੀਤੀ। ਅੱਜ ਸਾਨੂੰ ਵੀ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾਉਣਾ ਪਵੇਗਾ। ਚੰਦਰ ਸ਼ੇਖਰ ਆਜ਼ਾਦ ਵੱਲੋਂ ਅਸੈਂਬਲੀ 'ਚ ਬੰਬ ਸੁੱਟਣ ਦੀ ਯੋਜਨਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ੁਰੂ 'ਚ ਉਸ ਯੋਜਨਾ 'ਚ ਭਗਤ ਸਿੰਘ ਸ਼ਾਮਲ ਨਹੀਂ ਸਨ ਪਰ ਉਨ੍ਹਾਂ ਨੇ ਖੁਦ ਹੀ ਆਪਣਾ ਨਾਂ ਜੋੜਿਆ। ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦੇ ਅੰਦਰ ਦੇਸ਼ ਭਗਤੀ ਅਤੇ ਬਲੀਦਾਨ ਦੀ ਭਾਵਨਾ ਕਿੰਨੀ ਡੂੰਘੀ ਸੀ। ਉਨ੍ਹਾਂ ਕਿਹਾ ਕਿ ਇਹ ਯੋਧੇ ਚਾਹੁੰਦੇ ਤਾਂ ਅੰਗਰੇਜ਼ਾਂ ਨਾਲ ਸਮਝੌਤਾ ਕਰਕੇ ਲੰਬੀ ਜ਼ਿੰਦਗੀ ਜੀ ਸਕਦੇ ਸਨ, ਪਰ ਉਨ੍ਹਾਂ ਨੇ ਦੇਸ਼ ਸੇਵਾ ਲਈ ਸਮਝੌਤਾ ਨਹੀਂ ਕੀਤਾ। ਅਸੀਂ ਤਾਂ ਉਨ੍ਹਾਂ ਤੋਂ ਤਿੰਨ-ਤਿੰਨ ਗੁਣਾ ਜ਼ਿਆਦਾ ਜੀ ਲਏ ਹਾਂ, ਹੁਣ ਡਰ ਛੱਡ ਕੇ ਪੰਜਾਬ ਅਤੇ ਦੇਸ਼ ਲਈ ਕੰਮ ਕਰਨਾ ਹੋਵੇਗਾ। ਮੁੱਖ ਮੰਤਰੀ ਨੇ ਗੁਰਬਾਣੀ ਅਤੇ ਸੂਫੀ ਸਾਹਿਤ ਦਾ ਹਵਾਲਾ ਦਿੰਦਿਆਂ ਮੁਹੰਮਦ ਮੀਆਂ ਬਖਸ਼ ਦੀ ਇਕ ਰਚਨਾ ਵੀ ਨੌਜਵਾਨਾਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਰੱਬ ਹਰ ਕਿਸੇ ਉੱਤੇ ਜ਼ਿੰਮੇਵਾਰੀ ਦਾ ਘੜਾ ਨਹੀਂ ਧਰਦਾ, ਜਿਨ੍ਹਾਂ ਕੋਲ ਬੋਝ ਝੱਲਣ ਦੀ ਤਾਕਤ ਹੁੰਦੀ ਹੈ, ਉਨ੍ਹਾਂ ਨੂੰ ਹੀ ਜ਼ਿੰਮੇਵਾਰੀ ਮਿਲਦੀ ਹੈ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਕਿਹਾ ਕਿ ਅੱਜ ਤੁਹਾਡੇ ਸਿਰ ਜ਼ਿੰਮੇਵਾਰੀ ਦਾ ਘੜਾ ਰੱਖਿਆ ਗਿਆ ਹੈ, ਹੁਣ ਪੂਰੀ ਲਗਨ ਨਾਲ ਕੰਮ ਕਰਨਾ ਪਵੇਗਾ। ਰਸਤੇ 'ਚ ਰੁਕਾਵਟਾਂ ਆਉਣਗੀਆਂ, ਲੋਕ ਵੀ ਪੈਰ ਖਿੱਚਣਗੇ ਪਰ ਸਾਨੂੰ ਹਮੇਸ਼ਾ ਆਪਣੇ ਟੀਚੇ 'ਤੇ ਨਜ਼ਰ ਰੱਖਣੀ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਕਦੇ ਵੀ ਖਾਲੀ ਹੱਥ ਵਾਪਸ ਨਹੀਂ ਆਉਂਦੇ। ਅਸੀਂ ਸਿਕੰਦਰ ਅਤੇ ਔਰੰਗਜ਼ੇਬ ਵਰਗਿਆਂ ਨੂੰ ਵੀ ਰੋਕਿਆ ਹੈ। ਸਾਡੇ ਆਦਰਸ਼ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਹਨ, ਜਿਨ੍ਹਾਂ ਨੇ ਸੀਸ ਦਿੱਤੇ ਪਰ ਸਿਰ ਨਹੀਂ ਝੁਕਾਇਆ। ਕੰਧਾਂ 'ਚ ਚਿਣ ਦਿੱਤੇ ਗਏ, ਪਰ ਧਰਮ ਦੇ ਰਾਹ ਤੋਂ ਪਿੱਛੇ ਨਹੀਂ ਹਟੇ। ਮੁੱਖ ਮੰਤਰੀ ਨੇ ਆਪਣੇ ਪੁਰਾਣੇ ਦਿਨ ਯਾਦ ਕਰਦਿਆਂ ਕਿਹਾ, "ਪਹਿਲਾਂ ਜਦੋਂ ਮੈਂ ਕਲਾਕਾਰ ਸੀ, ਪਿੰਡਾਂ 'ਚ ਜਾ ਕੇ ਪੈਸੇ ਲੈਂਦਾ ਸੀ, ਪਰ ਅੱਜ ਜਦੋਂ ਮੁੱਖ ਮੰਤਰੀ ਬਣ ਕੇ ਉਨ੍ਹਾਂ ਪਿੰਡਾਂ 'ਚ ਜਾਂਦਾ ਹਾਂ ਤਾਂ ਉਹ ਪੈਸੇ ਵਿਆਜ ਸਮੇਤ ਗਰਾਂਟ ਦੇ ਤੌਰ 'ਤੇ ਵਾਪਸ ਕਰਨੇ ਪੈਂਦੇ ਹਨ।" ਮੁੱਖ ਮੰਤਰੀ ਨੇ ਪੰਜਾਬ ਵਿੱਚ ਪਾਣੀ ਦੇ ਸੰਕਟ ਅਤੇ ਐਸ.ਵਾਈ.ਐਲ.(ਸਤਲੁਜ-ਯਮੁਨਾ ਲਿੰਕ) ਵਿਵਾਦ 'ਤੇ ਵੀ ਗੰਭੀਰਤਾ ਨਾਲ ਵਿਚਾਰ ਰੱਖਿਆ। ਉਨ੍ਹਾਂ ਕਿਹਾ ਕਿ ਪੰਜਾਬ ਕਦੇ ਵੀ ਲੜਾਈ ਨਹੀਂ ਚਾਹੁੰਦਾ ਸੀ, ਪਰ ਵਾਰ-ਵਾਰ ਉਸ ਉੱਤੇ ਲੜਾਈ ਥੋਪੀ ਗਈ। ਹੁਣ ਸਰਹੱਦਾਂ ਤੋਂ ਬਾਅਦ ਪੰਜਾਬ ਨੂੰ ਪਾਣੀ ਦੀ ਲੜਾਈ 'ਚ ਧੱਕਿਆ ਜਾ ਰਿਹਾ ਹੈ। ਹਰਿਆਣਾ ਨਾਲ ਬੇਵਜ੍ਹਾ ਟਕਰਾਅ ਬਣਾਇਆ ਗਿਆ, ਪਰ ਹੁਣ ਪੰਜਾਬ ਵੀ ਡਟ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਹ ਖੁਦ ਨੰਗਲ ਡੈਮ ਗਏ ਅਤੇ ਫ਼ਾਲਤੂ ਪਾਣੀ ਦੀ ਸਪਲਾਈ ਰੁਕਵਾਈ। ਹੁਣ ਪੰਜਾਬੀ ਕਿਸੇ ਵੀ ਜ਼ਬਰਦਸਤੀ ਨੂੰ ਸਹਿਣ ਵਾਲੇ ਨਹੀਂ ਹਨ। ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਇਕ ਵਾਰ ਫਿਰ ਸਲਾਹ ਦਿੱਤੀ ਕਿ ਜੇ ਪਾਕਿਸਤਾਨ ਵੱਲੋਂ ਰੋਕਿਆ ਗਿਆ ਪਾਣੀ ਪੰਜਾਬ ਦੇ ਡੈਮਾਂ ਵਿੱਚ ਆ ਜਾਂਦਾ ਹੈ ਤਾਂ ਪੰਜਾਬ ਭਾਖੜਾ ਰਾਹੀਂ ਹਰਿਆਣਾ ਨੂੰ ਪਾਣੀ ਦੇ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਛੇ ਵਾਰ ਹਰਿਆਣਾ ਨੂੰ ਪੱਤਰ ਲਿਖ ਕੇ ਚੇਤਾਵਨੀ ਦਿੱਤੀ ਕਿ ਉਹ ਪਾਣੀ ਦੀ ਵਧੇਰੇ ਵਰਤੋਂ ਕਰ ਰਹੇ ਹਨ ਪਰ ਹਰਿਆਣਾ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਬੀ.ਬੀ.ਐਮ.ਬੀ (ਭਾਖੜਾ-ਬਿਆਸ ਪ੍ਰਬੰਧਕੀ ਬੋਰਡ) ਨੇ ਪੰਜਾਬ ਵਿਰੁੱਧ ਫੈਸਲਾ ਸੁਣਾਇਆ ਤਾਂ ਤੁਰੰਤ ਸਰਬ ਪਾਰਟੀ ਮੀਟਿੰਗ ਬੁਲਾ ਕੇ ਕੇਂਦਰ ਅਤੇ ਹਰਿਆਣਾ ਨੂੰ ਸਾਫ ਸੁਨੇਹਾ ਦਿੱਤਾ ਗਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਇਸ ਮਸਲੇ 'ਤੇ ਸੋਮਵਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਈ ਜ਼ਿਲੇ "ਡਾਰਕ ਜ਼ੋਨ" 'ਚ ਚਲੇ ਗਏ ਹਨ ਅਤੇ ਕੁਝ ਥਾਵਾਂ ਤੇ ਪਾਣੀ ਦਾ ਪੱਧਰ 600 ਫੁੱਟ ਤੋਂ ਵੀ ਥੱਲੇ ਚਲਾ ਗਿਆ ਹੈ। ਇਸ ਗੰਭੀਰ ਸੰਕਟ ਨੂੰ ਦੇਖਦਿਆਂ ਸਰਕਾਰ ਨੇ ਨਹਿਰਾਂ ਰਾਹੀਂ ਹਰ ਖੇਤ ਤੱਕ ਪਾਣੀ ਪਹੁੰਚਾਉਣ ਦਾ ਸੰਕਲਪ ਕੀਤਾ ਹੈ। ਗੜਸ਼ੰਕਰ ਵਿੱਚ ਕਰਵਾਏ ਗਏ ਯੂਥ ਕਲੱਬ ਲੀਡਰਸ਼ਿਪ ਪ੍ਰੋਗਰਾਮ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਕਈ ਹੋਰ ਸੀਨੀਅਰ ਨੇਤਾਵਾਂ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਸਾਰੇ ਨੌਜਵਾਨਾਂ ਨੇ ਇਹ ਸੰਕਲਪ ਲਿਆ ਕਿ 117 ਲੋਕਾਂ ਦੀ ਇਹ ਟੀਮ ਪੰਜਾਬ ਦੀ ਸੇਵਾ ਲਈ ਹਜ਼ਾਰਾਂ-ਲੱਖਾਂ ਨੌਜਵਾਨਾਂ ਨੂੰ ਜੋੜ ਕੇ ਮੈਦਾਨ ਵਿੱਚ ਉਤਰੇਗੀ।