
- ਰਾਤ 7:55 ਵਜੇ ਦੇ ਕਰੀਬ ਵੱਜੇਗਾ ਸਾਇਰਨ, ਲੋਕਾਂ ਨੂੰ ਲਾਈਟਾਂ ਬੰਦ ਰੱਖਣ ਅਤੇ ਰੌਸ਼ਨੀ ਨਾ ਕਰਨ ਦੀ ਅਪੀਲ
- ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਵੱਖ-ਵੱਖ ਭਾਈਵਾਲਾਂ ਨਾਲ ਕੀਤੀ ਮੀਟਿੰਗ
ਸ਼ਹੀਦ ਭਗਤ ਸਿੰਘ ਨਗਰ, 7 ਮਈ 2025 : ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ 9:00 ਵਜੇ ਤੱਕ ਨਵਾਂਸ਼ਹਿਰ ਖੇਤਰ ਵਿੱਚ ਮੁਕੰਮਲ ਤੌਰ ‘ਤੇ ਲਾਈਟਾਂ ਬੰਦ ਰੱਖ ਕੇ ‘ਬਲੈਕਆਊਟ’ ਮੌਕਡਰਿੱਲ ਕੀਤੀ ਜਾਵੇਗੀ ਜਿਸ ਦੌਰਾਨ ਇੱਕ ਘੰਟੇ ਲਈ ਪਾਵਰਕਾਮ ਵੱਲੋਂ ਬਿਜਲੀ ਸਪਲਾਈ ਪੂਰਨ ਤੌਰ ‘ਤੇ ਬੰਦ ਰੱਖੀ ਜਾਵੇਗੀ। ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਅਤੇ ਐਸ.ਐਸ.ਪੀ. ਡਾ. ਮਹਿਤਾਬ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਬਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ, ਸਮਾਜਿਕ, ਧਾਰਮਿਕ ਅਤੇ ਵਪਾਰਿਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਇਸ ਬਲੈਕਆਊਟ ਡਰਿੱਲ ਵਿੱਚ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕਿਹਾ ਕਿ ਰਾਤ 07:55 ਵਜੇ ਦੇ ਕਰੀਬ ਸਾਇਰਨ, ਹੂਟਰ ਵੱਜਣ ਦੇ ਨਾਲ-ਨਾਲ ਧਾਰਮਿਕ ਥਾਵਾਂ ਤੋਂ ਸਪੀਕਰ ਰਾਹੀਂ ਲਾਈਟਾਂ ਬੰਦ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਰੌਸ਼ਨੀ ਨਾ ਕਰਨ ਦੀ ਅਪੀਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਤ 09:00 ਵਜੇ ਤੱਕ ਮੁਕੰਮਲ ਤੌਰ ‘ਤੇ ਘੁੱਪਹਨੇਰਾ ਰਹੇਗਾ ਜੋ ਕਿ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤ ਨਾਲ ਨਜਿੱਠਣ ਦੇ ਮੱਦੇਨਜ਼ਰ ਸਿਰਫ਼ ਇੱਕ ਤਿਆਰੀ ਵਜੋਂ ਪ੍ਰਕਿਰਿਆ ਹੋਵੇਗੀ। ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਲੋਕਾਂ ਤੋਂ ਪੂਰਨ ਸਹਿਯੋਗ ਦੀ ਮੰਗ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਰਿਆਂ ਨੂੰ ਲੋਕ ਹਿੱਤ ਅਤੇ ਕੌਮੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਮੌਕਡਰਿੱਲ ਨੂੰ ਪੂਰੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਪੱਖੋ ਘਬਰਾਉਣ ਜਾਂ ਸਹਿਮ ਰੱਖਣ ਦੀ ਜ਼ਰੂਰਤ ਨਹੀਂ ਕਿਉਂਕਿ ਬਲੈਕਆਊਟ ਡਰਿੱਲ ਸਿਰਫ਼ ਅਹਿਤਿਆਤੀ ਪ੍ਰਕਿਰਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਉਹ 8:00 ਵਜੇ ਤੋਂ 9:00 ਵਜੇ ਤੱਕ ਲਾਈਟਾਂ, ਜਨਰੇਟਰ, ਕਿਸੇ ਵੀ ਤਰ੍ਹਾਂ ਦੀ ਰੌਸ਼ਨੀ ਨਾ ਕਰਨ, ਮੋਮਬੱਤੀਆਂ, ਮਾਚਿਸਾਂ ਆਦਿ ਬੰਦ ਰੱਖਣ ਦੇ ਨਾਲ-ਨਾਲ ਕਮਰਿਆਂ ਦੇ ਦਰਵਾਜੇ ਅਤੇ ਪਰਦੇ ਆਦਿ ਪੂਰੀ ਤਰ੍ਹਾਂ ਬੰਦ ਰੱਖੇ ਜਾਣ। ਇਸ ਦੌਰਾਨ ਸਮਾਜਿਕ, ਧਾਰਮਿਕ, ਵਪਾਰਿਕ, ਮਾਰਕੀਟ ਅਤੇ ਟ੍ਰੇਡਰ ਐਸੋਸੀਏਸ਼ਨਾਂ ਵੱਲੋਂ ਬਲੈਕਆਊਟ ਮੌਕ ਡਰਿੱਲ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ।