ਚੰਡੀਗੜ੍ਹ, 24 ਜੂਨ : ਪੰਜਾਬ ਦੇ ਵਿੱਚ ਕਈ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੇ ਕੱਚੇ ਮੁਲਾਜ਼ਮਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੱਕਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਵਿਜੀਲੈਂਸ ਬਿਓਰੋ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਨੂੰ ਜਾਂਚ ਦੇ ਹੁਕਮ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਨੇ ਦਿੱਤੇ ਹਨ ਅਤੇ ਜਲਦ ਹੀ ਕਾਰਵਾਈ ਕਰਕੇ ਰਿਪੋਰਟ ਸੌਂਪਣ ਲਈ ਕਿਹਾ ਹੈ। ਇਸ ਸਬੰਧੀ ਪੰਚਾਇਤ ਵਿਭਾਗ ਨੇ 138 ਕਰਮਚਾਰੀਆਂ ਦੀ ਸੂਚੀ ਸੌਂਪੀ ਗਈ ਹੈ। ਜਿਨ੍ਹਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੱਕਾ ਕਰਨ ਦੇ ਦੋਸ਼ ਲੱਗ ਰਹੇ ਹਨ। ਵਿਜੀਲੈਂਸ ਵੱਲੋਂ ਇਨ੍ਹਾਂ ਲੋਕਾਂ ਦੀ ਸੂਚੀ 6 ਰੇਂਜ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਹੈ। ਖਰੜ ਤੋਂ ਲੈ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਤੱਕ ਕਰਮਚਾਰੀਆਂ ਨੂੰ ਪੱਕਾ ਕੀਤਾ ਗਿਆ ਹੈ। ਇਨ੍ਹਾਂ ਵਿੱਚ ਕਲਰਕ, ਚੌਂਕੀਦਾਰ, ਆਪਰੇਟਰ,ਸਵੀਪਰ, ਸੇਵਾਦਾਰ,ਪਟਵਾਰੀ, ਜੇਸੀਬੀ ਆਪਰੇਟਰ, ਕੰਪਿਊਟਰ ਆਪਰੇਟਰ ਅਤੇ ਟੈਕਸ ਕੁਲੈਕਟਰ ਵਜੋਂ ਤਾਇਨਾਤ ਕਰਮਚਾਰੀ ਸ਼ਾਮਲ ਹਨ। ਮਾਮਲੇ ਦੀ ਜਾਂਚ ਵਿਜੀਲੈਂਸ ਬਿਓਰੋ ਬਠਿੰਡਾ ਰੇਂਜ, ਪਟਿਆਲਾ ਰੇਂਜ, ਅੰਮ੍ਰਿਤਸਰ ਰੇਂਜ, ਜਲੰਧਰ ਰੇਂਜ, ਲੁਧਿਆਣਾ ਰੇਂਜ ਅਤੇ ਮੋਹਾਲੀ ਰੇਂਜ ਕਰੇਗਾ।