ਚੰਡੀਗੜ੍ਹ, 4 ਜੁਲਾਈ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਅਤੇ ਸਾਬਕਾ ਪ੍ਰਧਾਨ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਐਨ ਐਸ ਏ ਤਹਿਤ ਡਿਬਰੂਗੜ ਜੇਲ ਵਿੱਚ ਨਜ਼ਰਬੰਦ ਸਿੱਖ ਨੌਜਵਾਨਾਂ ਦੇ ਖਾਣੇ ਵਿੱਚ ਜਗਤ ਜੂਠ ਤਮਾਕੂ ਦਾ ਮਿਲਣਾ ਅਤਿਅੰਤ ਮੰਦਭਾਗੀ ਖ਼ਬਰ ਹੈ ਜਿਸ ਨੇ ਹਰੇਕ ਗੁਰਸਿੱਖ ਦੇ ਮਨ ਨੂੰ ਭਾਰੀ ਠੇਸ ਪਹੁੰਚਾਈ ਹੈ। ਉਨਾਂ ਕਿਹਾ ਕਿ ਇਹ ਖਬਰ ਮੀਡੀਆ ਦੀਆਂ ਸੁਰਖੀਆਂ ਵਿਚ ਹੈ ਕਿ ਜਿਨਾਂ ਸਿੱਖ ਨੌਜਵਾਨਾਂ ਨੂੰ ਪਿਛਲੇ ਦਿਨੀਂ ਐਨ ਐਸ ਏ ਦੀਆਂ ਸਖ਼ਤ ਧਰਾਵਾਂ ਤਹਿਤ ਪੰਜਾਬ ਚੋਂ ਗ੍ਰਿਫਤਾਰ ਕਰਕੇ ਡਿਬਰੂਗੜ ਜੇਲ ਵਿਚ ਨਜ਼ਰਬੰਦ ਕੀਤਾ ਹੋਇਆ ਹੈ। ਉਨਾਂ ਦੇ ਭੋਜਨ ਵਿੱਚ ਤੰਬਾਕੂ ਵਰਗੀ ਵਿਵਰਜਤ ਚੀਜ਼ ਮਿਲੀ ਹੈ ਦੇ ਇਸ ਖਬਰ ਵਿੱਚ ਰਤੀ ਭਰ ਵੀ ਸੱਚਾਈ ਹੈ ਤਾਂ ਇਹ ਬਹੁਤ ਹੀ ਮੰਦਭਾਗੀ ਗੱਲ ਹੈ, ਜਿਸ ਦੀ ਅਸੀਂ ਸਖਤ ਸ਼ਬਦਾਂ ਚ ਨਿਖੇਧੀ ਕਰਦੇ ਹਾਂ ਕਿਉਂਕਿ ਗੁਰੂ ਦਾ ਸਿੱਖ ਅਜਿਹੇ ਨਸ਼ਿਆਂ ਤੋਂ ਰਹਿਤ ਹੋ ਕੇ ਤਿਆਰ ਬਰ ਤਿਆਰ ਰਹਿੰਦਾ ਹੈ ਅਤੇ ਕਿਸੇ ਤਰਾਂ ਦੇ ਨਸ਼ੇ ਦੀ ਵਰਤੋਂ ਨਹੀਂ ਕਰਦਾ। ਸਿੱਖ ਰਹਿਤਨਾਮਿਆਂ ਵਿੱਚ ਤਮਾਕੂ ਨੂੰ ਜਗਤ ਜੂਠ ਦਾ ਨਾਮ ਦਿੱਤਾ ਗਿਆ ਹੈ ਜਿਸ ਦੀ ਵਰਤੋਂ ਨਾਲ ਸਿੱਖ ਦੀ ਰਹਿਤ ਤਾਂ ਖੰਡਨ ਹੁੰਦੀ ਹੀ ਹੈ ਸਗੋਂ ਕੈਂਸਰ ਵਰਗੀਆਂ ਘਾਤਕ ਬੀਮਾਰੀਆਂ ਤੰਬਾਕੂ ਤੋਂ ਪੈਦਾ ਹੁੰਦੀਆਂ ਹਨ। ਪੰਜਾਬ ਅਸਾਮ ਅਤੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕੇ ਸਿੱਖ ਨੌਜਵਾਨਾਂ ਦੇ ਭੋਜਨ ਵਿੱਚ ਮਿਲੇ ਤਮਾਕੂ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਅਖੀਰ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਐਨ ਐਸ ਏ ਤਹਿਤ ਡਿਬਰੂਗੜ ਜੇਲ ਵਿੱਚ ਨਜ਼ਰਬੰਦ ਸਿੱਖ ਨੌਜਵਾਨਾਂ ਤੋਂ ਸਖ਼ਤ ਧਾਰਾਵਾਂ ਹਟਾ ਕੇ ਤੁਰੰਤ ਰਿਹਾ ਕੀਤਾ ਜਾਵੇ।