- ਮਨੀਪੁਰ ਵਿੱਚ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਘਿਨਾਉਣੇ ਕਾਰੇ ਲਈ ਸਪੀਕਰ ਸੰਧਵਾਂ ਨੇ ਗ੍ਰਹਿ ਮੰਤਰੀ ਸ਼ਾਹ ਨੂੰ ਲਿਖਿਆ ਪੱਤਰ
- ਔਰਤਾਂ ਦੀ ਇੱਜ਼ਤ ਅਤੇ ਸਨਮਾਨ ਦੀ ਰੱਖਿਆ ਲਈ ਤੁਹਾਡੇ ਤੋਂ ਮਦਦ ਦੀ ਆਸ ਕਰਦਾ ਹਾਂ : ਸਪੀਕਰ ਸੰਧਵਾਂ
ਚੰਡੀਗੜ੍ਹ, 23 ਜੁਲਾਈ : ਮਨੀਪੁਰ ਵਿੱਚ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਘਿਨਾਉਣੇ ਕਾਰੇ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਕਾਨੂੰਨੀ ਵਿਵਸਥਾਵਾਂ ਨਾਲ ਨਜਿੱਠਿਆ ਜਾਵੇ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਇਹ ਗੱਲ ਦੁਹਰਾਉਂਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਉੱਤਰ-ਪੂਰਬੀ ਸੂਬੇ ਵਿੱਚ ਚੱਲ ਰਹੀ ਹਿੰਸਾ ਤੋਂ ਪ੍ਰਭਾਵਿਤ ਸਾਰੇ ਲੋਕਾਂ ਨੂੰ ਇਨਸਾਫ਼ ਯਕੀਨੀ ਬਣਾਉਣ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਦੇਣ ਲਈ ਕਿਹਾ। ਅਮਿਤ ਸ਼ਾਹ ਨੂੰ ਲਿਖੇ ਆਪਣੇ ਪੱਤਰ ਵਿੱਚ, ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਲਗਾਤਾਰ ਡਰ ਅਤੇ ਅਰਾਜਕਤਾ ਦੇ ਮੌਜੂਦਾ ਮਾਹੌਲ ‘ਤੇ ਨਿਰਾਸ਼ਾ ਪ੍ਰਗਟ ਕਰਦਿਆਂ ਮਾਹੌਲ ਨੂੰ ਵਿਗੜਨ ਦੇਣ ਲਈ ਮਨੀਪੁਰ ਦੇ ਮੁੱਖ ਮੰਤਰੀ ਨੂੰ ਹਟਾਉਣ ਦੀ ਮੰਗ ਕੀਤੀ ਹੈ, ਜਿਸ ਨਾਲ ਲੱਖਾਂ ਨਾਗਰਿਕਾਂ ਦੀਆਂ ਜਾਨਾਂ ਖਤਰੇ ਵਿੱਚ ਪੈ ਰਹੀਆਂ ਹਨ। ਸ. ਸੰਧਵਾਂ ਨੇ ਲਿਖਿਆ ਕਿ ਮੁੱਖ ਮੰਤਰੀ ਜੋ ਕਿ ਸੂਬੇ ਦੇ ਮੁਖੀ ਹਨ, ਨੂੰ ਗੰਭੀਰਤਾ ਨਾਲ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਇੱਜ਼ਤ ਦੀਆਂ ਹੱਕਦਾਰ ਔਰਤਾਂ ਵਿਰੁੱਧ ਹਿੰਸਾ ਦੇ ਇਸ ਘਿਨਾਉਣੇ ਕਾਰੇ ਨੂੰ ਰੋਕਣ ਵਿੱਚ ਅਸਫ਼ਲ ਰਹੇ ਹਨ। ਉਨ੍ਹਾਂ ਅੱਗੇ ਲਿਖਿਆ ਕਿ ਮੁੱਖ ਮੰਤਰੀ ਦੀ ਸਰਕਾਰ ਨੂੰ ਬਰਖਾਸਤ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦੋ ਔਰਤਾਂ ਨੂੰ ਬਿਨਾਂ ਕੱਪੜੇ ਪਹਿਨੇ ਪਰੇਡ ਕਰਨ ਲਈ ਮਜ਼ਬੂਰ ਕੀਤੇ ਜਾਣ ਦੀ ਘਿਨਾਉਣੀ ਘਟਨਾ ‘ਤੇ ਅਫ਼ਸੋਸ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਦੁਖਦਾਈ ਘਟਨਾ ਹੈ, ਸਾਡੇ ਦੇਸ਼ ‘ਚ ਜਿੱਥੇ ਔਰਤਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ, ਉੱਥੇ ਅਸੀਂ ਔਰਤਾਂ ਦੀ ਇੱਜ਼ਤ ਦੀ ਰਾਖੀ ਨਹੀਂ ਕਰ ਸਕੇ। ਸਾਡੀ ਸੱਭਿਅਤਾ, ਸਾਡੇ ਪੁਰਖਿਆਂ ਨੇ ਸਾਨੂੰ ਔਰਤਾਂ ਦਾ ਸਤਿਕਾਰ ਕਰਨਾ ਸਿਖਾਇਆ ਹੈ। ਪਰ ਮਨੀਪੁਰ ਵਿੱਚ ਉਨ੍ਹਾਂ ਨਾਲ ਕੀਤਾ ਗਿਆ ਸਲੂਕ ਬਹੁਤ ਹੀ ਦੁਖਦਾਈ ਹੈ। ਸ. ਸੰਧਵਾਂ ਨੇ ਅੱਗੇ ਕਿਹਾ ਕਿ ਜਿਸ ਦਰਦ ਵਿੱਚੋਂ ਇਹ ਔਰਤਾਂ ਲੰਘੀਆਂ ਹੋਣਗੀਆਂ, ਉਸਨੂੰ ਕੋਈ ਵੀ ਵਿਅਕਤੀ ਮਹਿਸੂਸ ਕਰ ਸਕਦਾ ਹੈ। ਸਪੀਕਰ ਨੇ ਆਪਣੇ ਪੱਤਰ ਵਿੱਚ ਲਿਖਿਆ, “ਮੈਨੂੰ ਯਕੀਨ ਹੈ ਕਿ ਤੁਸੀਂ ਇਸ ਘਟਨਾ ‘ਤੇ ਚੌਕਸੀ ਰੱਖ ਰਹੇ ਹੋਵੋਗੇ, ਪਰ ਮੈਂ, ਹੱਥ ਜੋੜ ਕੇ, ਉਨ੍ਹਾਂ ਔਰਤਾਂ ਦੀ ਇੱਜ਼ਤ ਅਤੇ ਸਨਮਾਨ ਦੀ ਰੱਖਿਆ ਲਈ ਤੁਹਾਡੇ ਤੋਂ ਮਦਦ ਦੀ ਆਸ ਕਰਦਾ ਹਾਂ। ਉਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ।”